ਅੱਜਕਲ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਪੁਰਾਤਨ ਇਮਾਰਤਾਂ ਨੂੰ ਤਬਾਹ ਕਰਕੇ ਸੰਗਮਰਮਰ ਲਾ ਕੇ ਸਿੱਖ ਇਤਿਹਾਸ ਦਾ ਜੋ ਮਲੀਆਮੇਟ ਕੀਤਾ ਜਾ ਰਿਹਾ ਹੈ ਉਸਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਗੁਰਦਵਾਰਾ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਿਕ 200 ਸਾਲ ਪੁਰਾਣੀ ਦਰਸ਼ਨੀ ਡਿਉੜੀ ਢਾਹੁਣ ਦੀ ਕਰਤੂਤ ਸਾਹਮਣੇ ਆਉਣ ਮਗਰੋਂ ਇਹਨਾਂ ਬਾਬਿਆਂ ਖਿਲਾਫ ਸਿੱਖ ਜਗਤ ਦਾ ਰੋਸ ਲਗਾਤਾਰ ਜਾਰੀ ਹੈ। ਕਈ ਪਿੰਡਾਂ ਵਿਚ ਪੰਚਾਇਤਾਂ ਨੇ ਇਹਨਾਂ ਬਾਬਿਆਂ ਦੇ ਬਾਈਕਾਟ ਦਾ ਵੀ ਐਲਾਨ ਕਰ ਦਿੱਤਾ ਹੈ ਕਿ ਜਦੋਂ ਇਹ ਬਾਬੇ ਹੁਣ ਕਣਕ-ਝੋਨੇ ਮੌਕੇ ਬੋਰੀਆਂ ਚੱਕ ਕੇ ਸੇਵਾ ਮੰਗਣ ਆਉਣਗੇ ਤਾਂ ਇਹਨਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਸਿੱਖ ਪੰਥ ਜਾਗ ਤਾਂ ਚੁੱਕਾ ਹੈ ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ।
ਅੱਜ ਅਸੀਂ ਤੁਹਾਨੂੰ ਕੁਝ ਪੁਰਾਤਨ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਾਵਾਂਗੇ ਜੋ ਕਿ ਇਹਨਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਜਿਸ਼ ਤਹਿਤ ਸਿੱਖ ਜਗਤ ਕੋਲੋਂ ਖੋ ਲਏ ਤੇ ਉਹਨਾਂ ਥਾਵਾਂ ਤੇ ਪੱਥਰ ਜੜ ਦਿੱਤਾ ਗਿਆ। ਇਹ ਅਸਥਾਨ ਹੈ ਕਿਲਾ ਅਨੰਦਗੜ ਸ੍ਰੀ ਅਨੰਦਪੁਰ ਸਾਹਿਬ ਜੋ ਕਿ ਪੁਰਾਤਨ ਇਮਾਰਤ ਸੀ,ਜਿਸਨੂੰ ਕਾਰ ਸੇਵਾ ਵਾਲੀ ਸਿਓਂਕ ਨੇ ਅੱਜ ਇਸ ਤਰਾਂ ਦਾ ਬਣਾ ਦਿੱਤਾ। ਅੱਜ ਜਦੋਂ ਬੱਚੇ ਪੁੱਛਦੇ ਕਿ ਇਹ ਕੀ ਹੈ ਤਾਂ ਆਪਾਂ ਦਸਦੇ ਹਨ ਕਿ ਕਿਲਾ ਅਨੰਦਗੜ ਜਿਥੇ ਗੁਰੂ ਸਾਹਿਬ ਨੂੰ 7 ਮਹੀਨੇ ਘੇਰਾ ਪਿਆ ਸੀ,ਪਰ ਜਦੋਂ ਬੱਚਾ ਪੁੱਛੇ ਕਿ ਕਿਲਾ ਤਾਂ ਵੱਡਾ ਹੁੰਦਾ ਇਹ ਤਾਂ ਹੈ ਹੀ ਕੁਝ ਨਹੀਂ ਤਾਂ ਸਾਨੂੰ ਅੱਗੋਂ ਜਵਾਬ ਨਹੀਂ ਆਉਂਦਾ ਕਿਉਂਕਿ ਸਾਡੇ ਤੋਂ ਸਾਡੀ ਵਿਰਾਸਤ ਤਾਂ ਖੋ ਲਈ ਹੈ।
ਇਹ ਹੈ ਇੱਕ ਅੰਗਰੇਜ ਫੋਟੋਗ੍ਰਾਫਰ ਵਲੋਂ 1865 ਵਿਚ ਖਿੱਚੀ ਗਈ ਤਖ਼ਤ ਸ੍ਰ੍ਰੀ ਕੇਸਗੜ ਸਾਹਿਬ ਦੀ ਤਸਵੀਰ ਤੇ ਇਹ ਹੈ ਅੱਜ ਦੀ ਇਮਾਰਤ। ਦੱਸੋ ਸਾਡੀਆਂ ਪੀੜੀਆਂ ਉਹ ਇਹਸਾਸ ਕਿਥੋਂ ਕਰਨਗੀਆਂ ਜਦੋਂ ਇਸ ਧਰਤੀ ਤੇ ਖਾਲਸੇ ਦੀ ਸਿਰਜਣਾ ਕੀਤੀ ਗਈ ਸੀ ਕਿਉਂਕਿ ਹੁਣ ਤਾਂ ਗੁਰੂਦਵਾਰਾ ਸਾਹਿਬ ਜਾ ਕੇ ਅੱਖਾਂ ਹੀ ਨਹੀਂ ਖੁਲਦੀਆਂ ਇਹਨਾਂ ਪੱਥਰ ਲਾ ਦਿੱਤਾ ਹੋਇਆ। ਇਹ ਹੈ ਚਮਕੌਰ ਦੀ ਗੜੀ ਦੀ ਅਸਲੀ ਇਮਾਰਤ ਨੂੰ ਤੋੜਕੇ ਨਵੀਂ ਇਮਾਰਤ ਬਣਾਉਣ ਦੀ ਚੱਲੀ ਉਜਾੜ ਸੇਵਾ ਦੀ ਤਸਵੀਰ,ਕਾਲਜੇ ਤੇ ਹੱਥ ਰੱਖਕੇ ਦੱਸਿਓ ਕਿ ਕਿਵੇਂ ਲੱਗ ਰਿਹਾ ਇਹ ਸਭ ਦੇਖਕੇ ?? ਹੁਣ ਦੀ ਇਸ ਇਮਾਰਤ ਨੇ ਕਿਥੋਂ ਦੱਸਣਾ ਕਿ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਕਿਵੇਂ 10 ਲੱਖ ਨਾਲ ਟਕਰਾ ਗਏ ਸਨ !!
ਇਸ ਤਸਵੀਰ ਉਹਨਾਂ ਨੀਹਾਂ ਦੀ ਨਿਸ਼ਾਨੀ ਦੀ ਹੈ ਜਿਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ ਪਰ ਇਹ ਨਿਸ਼ਾਨੀ ਖਤਮ ਕਰਕੇ ਅੱਜ ਇਥੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਹੈ। ਪਰ ਬੱਚੇ ਜਦੋਂ ਪੁੱਛਣਗੇ ਕਿ ਨੀਹਾਂ ਦਿਖਾਓ ਜਿਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਤਾਂ ਅਸੀਂ ਕਿਸ ਮੂੰਹ ਨਾਲ ਉਹਨਾਂ ਨੂੰ ਜਵਾਬ ਦੇਵਾਂਗੇ ?? ਇਹ ਹੈ ਬੇਬੇ ਨਾਨਕੀ ਦਾ ਅਸਲੀ ਘਰ ਜੋ ਕਿ ਸੁਲਤਾਨਪੁਰ ਵਿਖੇ ਸੀ ਤੇ ਉਜਾੜ ਸੇਵਾ ਨੇ ਅਸਲੀ ਪੁਰਾਤਨ ਘਰ ਨੂੰ ਢਾਹ ਕੇ ਨਵਾਂ ਘਰ ਬਣਾ ਦਿੱਤਾ। ਅਸੀਂ ਆਪਣੇ ਗੌਰਵਮਈ ਇਤਿਹਾਸ ਨੂੰ ਮਿਥਿਹਾਸ ਬਣਾਉਣ ‘ਤੇ ਲੱਗੇ ਹੋਏ ਹਾਂ। ਜੋ ਗਵਾ ਲਿਆ ਉਹ ਤਾਂ ਗਵਾਚ ਹੀ ਗਿਆ ਪਰ ਜੋ ਬਚਿਆ ਹੈ ਉਹ ਬਚਾ ਲਈਏ ਨਹੀਂ ਤਾਂ ਸਾਡੀਆਂ ਅਗਲੀਆਂ ਪੀੜੀਆਂ ਸਾਡੇ ਤੇ ਸਵਾਲ ਕਰਿਆ ਕਰਨਗੀਆਂ ਕਿ ਤੁਸੀਂ ਝੂਠ ਬੋਲ ਰਹੇ ਹੋ।
ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦਾ ਰੁਝਾਨ ਤਾਂ ਚੱਲ ਹੀ ਪਿਆ ਹੈ,ਵੇਲਾ ਹੈ ਸੰਭਲ ਜਾਣ ਦਾ…ਕਿਤੇ ਅਜੇ ਵੀ ਸੁੱਤੇ ਹੀ ਨਾ ਰਹਿ ਜਾਈਏ। ਇਹ ਵੀਡੀਓ ਅਸੀਂ ਇਤਿਹਾਸ ਨੂੰ ਸੰਭਾਲਣ ਲਈ ਆਪਜੀ ਨਾਲ ਸਾਂਝੀ ਕੀਤੀ ਹੈ,ਇਤਿਹਾਸ ਨਾਲ ਪਿਆਰ ਹੈ ਤਾਂ ਤੁਸੀਂ ਵੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ,ਉਹਨਾਂ ਇਤਿਹਾਸਕ ਇਮਾਰਤਾਂ ਦਾ ਵਾਸਤਾ…ਚੇਤਿਆਂ ਚੋਂ ਭੁਲਾ ਨਾ ਦਿਓ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …