ਸਾਡੇ ਸੂਬੇ ਵਿੱਚ ਇਸ ਵੇਲੇ ਪੰਜਾਬੀ ਗੀਤਾਂ ਦੇ ਨਾਮ ਤੇ ਸਰੋਤਿਆਂ ਨੂੰ ਜਿਹੜੀ ਅਸ਼ਲੀਲਤਾ ਪਰੋਸੀ ਜਾ ਰਹੀ ਹੈ ਉਹ ਸਾਰੀਆਂ ਹੱਦਾਂ ਟੱਪਦੀ ਦਿਖ ਰਹੀ ਹੈ ਅਤੇ ਸਰਕਾਰ ਇਸਤੇ ਰੋਕ ਲਗਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਦਿਖ ਰਹੀ ਹੈ| ਸਰਕਾਰੀ ਤੌਰ ਤੇ ਭਾਵੇਂ ਕੁੱਝ ਸਮਾਂ ਪਹਿਲਾਂ ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਬਣਾਉਣ ਦੀ ਚਰਚਾ ਹੁੰਦੀ ਰਹੀ ਹੈ ਪਰ ਅਸਲ ਵਿੱਚ ਇਹ ਸਭ ਕੁਝ ਹਵਾ ਹਵਾਈ ਹੀ ਹੈ| ਇਸ ਸੰਬੰਧੀ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਈ ਸਾਹਿਤਕ ਸੰਸਥਾਵਾਂ ਵਲੋਂ ਇਹ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਪੰਜਾਬ ਵਿੱਚ ਜਲਦੀ ਹੀ ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਬਣ ਜਾਵੇਗਾ ਪਰ ਇਸ ਸਬੰਧੀ ਅਜੇ ਕੋਈ ਠੋਸ ਕਾਰਵਾਈ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ ਅਤੇ ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਬਣਨਾ ਅਜੇ ਦੂਰ ਦੀ ਗੱਲ ਹੈ|
ਹਾਲਾਤ ਇਹ ਹਨ ਕਿ ਅੱਜ ਦੇ ਦੌਰ ਦੇ ਜਿਆਦਾਤਰ ਪੰਜਾਬੀ ਗਾਣੇ ਘਰ ਪਰਿਵਾਰ ਵਿੱਚ ਬੈਠ ਕੇ ਸੁਣੇ ਤਕ ਨਹੀਂ ਜਾ ਸਕਦੇ| ਇਹਨਾਂ ਦਾ ਵੀਡੀਓ ਫਿਲਮਾਂਕਣ ਇੰਨਾ ਬੇਹੂਦਾ ਅਤੇ ਅਸ਼ਲੀਲ ਹੁੰਦਾ ਹੈ ਕਿ ਜੇਕਰ ਕੋਈ ਵਿਅਕਤੀ ਪਰਿਵਾਰ ਸਮੇਤ ਬੈਠ ਕੇ ਉਸਨੂੰ ਵੇਖ ਰਿਹਾ ਹੋਵੇ ਤਾਂ ਉਸਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ| ਪੰਜਾਬ ਦੇ ਵੱਡੀ ਗਿਣਤੀ ਗਾਇਕ ਇਸੇ ਅਸ਼ਲੀਲ ਗਾਇਕੀ ਦੇ ਵਹਿਣ ਵਿੱਚ ਵਗ ਰਹੇ ਹਨ| ਇਹ ਕਲਾਕਾਰ ਇਹ ਦਾਅਵਾ ਕਰਦੇ ਹਨ ਕਿ ਲੋਕ ਹੀ ਇਸ ਤਰ੍ਹਾਂ ਦੇ ਗਾਣੇ ਸੂਣ ਕੇ ਰਾਜੀ ਹਨ ਜਿਸ ਕਾਰਨ ਉਹਨਾਂ ਨੂੰ ਅਜਿਹੇ ਗਾਣੇ ਗਾਉਣੇ ਅਤੇ ਫਿਲਮਾਉਣੇ ਪੈਂਦੇ ਹਨ| ਗੀਤਕਾਰ ਵੀ ਇਹੀ ਕਹਿੰਦੇ ਹਨ ਕਿ ਉਹ ਲੋਕਾਂ ਦੀ ਮੰਗ ਅਨੁਸਾਰ ਹੀ ਉਹ ਅਜਿਹੇ ਗਾਣੇ ਲਿਖਦੇ ਹਨ| ਇਹਨਾਂ ਗਾਇਕਾਂ ਅਤੇ ਗੀਤਕਾਰਾਂ ਵਲੋਂ ਭਾਵੇਂ ਕੁੱਝ ਵੀ ਕਿਹਾ ਜਾਵੇ ਪਰੰਤੂ ਅਸਲੀਅਤ ਇਹੀ ਹੈ ਕਿ ਅਜਿਹੇ ਗਾਇਕਾਂ ਨੂੰ ਸਮਾਜ ਕੇ ਇੱਕ ਛੋਟੇ ਹਿੱਸੇ ਵਲੋਂ ਹੀ ਪਸੰਦ ਕੀਤਾ ਜਾਂਦਾ ਹੈ ਅਤੇ ਲੋਕ ਹੁਣੇ ਵੀ ਸਾਫ ਸੁਥਰੀ ਗਾਇਕੀ ਨੂੰ ਪਸੰਦ ਕਰਦੇ ਹਨ|
ਵੱਖ ਵੱਖ ਟੀ ਵੀ ਚੈਨਲਾਂ ਤੇ ਅੱਜਕੱਲ ਜਿਹੜੇ ਪੰਜਾਬੀ ਗਾਣੇ ਪੇਸ਼ ਕੀਤੇ ਜਾਂਦੇ ਹਨ, ਉਹਨਾਂ ਨੂੰ ਨਾਮ ਤਾਂ ਸਭਿਆਚਾਰਕ ਗੀਤਾਂ ਦਾ ਦਿੱਤਾ ਜਾਂਦਾ ਹੈ ਪਰ ਇਹਨਾਂ ਗਾਣਿਆਂ ਦੇ ਦੋ ਅਰਥੀ ਬੋਲ ਅਤੇ ਵੀਡੀਓ ਫਿਲਮਾਂਕਣ ਅਸ਼ਲੀਲਤਾ ਨਾਲ ਭਰਪੂਰ ਹੁੰਦਾ ਹੈ| ਚੈਨਲਾਂ ਦੇ ਪ੍ਰਬੰਧਕ ਇਸ ਸੰਬੰਧੀ ਇਹ ਤਰਕ ਦਿੰਦੇ ਹਨ ਕਿ ਗਾਇਕਾਂ ਵਲੋਂ ਆਪਣੇ ਅਜਿਹੇ ਗਾਣਿਆਂ ਨੂੰ ਚੈਨਲਾਂ ਤੇ ਚਲਾਉਣ ਲਈ ਮੋਟੀ ਰਕਮ ਅਦਾ ਕੀਤੀ ਜਾਂਦੀ ਹੈ ਅਤੇ ਇਹ ਗਾਣੇ ਇੱਕ ਤਰੀਕੇ ਨਾਲ ਇਹਨਾਂ ਗਾਇਕਾਂ ਦੇ ਇਸ਼ਤਿਹਾਰ ਹੀ ਹੁੰਦੇ ਹਨ ਜਿਹਨਾਂ ਨੂੰ ਚੈਨਲ ਪੈਸੇ ਲੈ ਕੇ ਪ੍ਰਸਾਰਿਤ ਕਰਦੇ ਹਨ|
ਕੁੱਝ ਸਾਲ ਪਹਿਲਾਂ ਤਕ ਅਜਿਹੇ ਦੋਹਰੇ ਅਰਥਾਂ ਵਾਲੇ ਗਾਣੇ ਗਾਉਣ ਵਾਲੇ ਗਾਇਕ ਘੱਟ ਹੁੰਦੇ ਸਨ ਪਰ ਹੁਣ ਉਲਟਾ ਹੋ ਗਿਆ ਹੈ ਅਤੇ ਚੰਗਾ ਗਾਉਣ ਵਾਲੇ ਇੱਕਾ ਦੁੱਕਾ ਗਾਇਕਾਂ ਨੂੰ ਛੱਡ ਕੇ ਬਾਕੀ ਸਾਰੇ ਅਸ਼ਲੀਲ ਗਾਇਕੀ ਨੂੰ ਹੀ ਸਭਿਆਚਾਰ ਦੀ ਸੇਵਾ ਕਹੀ ਜਾਂਦੇ ਹਨ| ਅੱਜਕੱਲ ਇੱਕ ਹੋਰ ਰਿਵਾਜ ਚਲ ਪਿਆ ਹੈ, ਆਏ ਦਿਨ ਕੋਈ ਨਾ ਕੋਈ ਨਵਾਂ ਗਾਇਕ ਆਪਣਾ ਗਾਣਾ ਖੁਦ ਹੀ ਰਿਕਾਰਡ ਕਰਕੇ ਯੂ ਟਿਊਬ ਤੇ ਪਾ ਦਿੰਦਾ ਹੈ| ਦੋਹਰੇ ਅਰਥਾਂ ਵਾਲੇ ਅਜਿਹੇ ਗਾਣਿਆਂ ਨੂੰ ਨੌਜਵਾਨ ਪੀੜੀ ਲਾਈਕ ਕਰ ਦਿੰਦੀ ਹੈ ਅਤੇ ਅਜਿਹੇ ਨਵੇਂ ਗਾਇਕ ਆਪਣੀ ਕੈਸਿਟ ਰਿਕਾਰਡ ਕਰਵਾਉਣ ਦੇ ਰਾਹ ਪੈ ਜਾਂਦੇ ਹਨ| ਕੈਸਿਟ ਦੀ ਰਿਕਾਰਡਿੰਗ, ਫਿਰ ਗਾਣਿਆਂ ਦੀ ਵੀਡੀਓ ਬਣਾਉਣ ਅਤੇ ਟੀ ਵੀ ਚੈਨਲਾਂ ਤੇ ਗਾਣੇ ਚਲਵਾਉਣ ਲਈ ਮੋਟਾ ਖਰਚਾ ਹੁੰਦਾ ਹੈ| ਇਸ ਖਰਚੇ ਦੀ ਵਸੂਲੀ ਅਤੇ ਕੁੱਝ ਵੀ ਕਰਕੇ ਕਾਮਯਾਬ ਹੋਣ ਦੀ ਚਾਹਤ ਵਿੱਚ ਅਜਿਹੇ ਗਾਇਕ ਸਾਫ ਸੁਥਰੀ ਗਾਇਕੀ ਦੀ ਥਾਂ ਦੋਹਰੇ ਅਰਥਾਂ ਵਾਲੇ ਗਾਣੇ ਗਾਉਂਦੇ ਹਨ, ਕਿਉਂਕਿ ਇਸ ਤਰ੍ਹਾਂ ਦੇ ਗਾਣੇ ਗਾਉਣ ਵਾਲਿਆਂ ਦੇ ਪ੍ਰੋਗਰਾਮ ਵੀ ਛੇਤੀ ਬੁਕ ਹੋ ਜਾਂਦੇ ਹਨ| ਇਹਨਾਂ ਗਾਇਕਾਂ ਦਾ ਮੁੱਖ ਮਕਸਦ ਵਿਆਹ ਅਤੇ ਅਜਿਹੇ ਹੋਰ ਪ੍ਰੋਗਰਾਮ ਬੁਕ ਕਰਕੇ ਮੋਟੀ ਕਮਾਈ ਕਰਨਾ ਹੁੰਦਾ ਹੈ| ਇਹ ਗਾਇਕ ਆਪਣੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਦੌਰਾਨ ਆਪਣੇ ਨਾਲ ਅੱਧਨੰਗੀਆਂ ਕੁੜੀਆਂ ਨੂੰ ਨਚਾਉਂਦੇ ਹਨ ਅਤੇ ਇਸ ਦੌਰਾਨ ਅਕਸਰ ਮਾਹੌਲ ਵੀ ਕੋਈ ਹੋਰ ਹੀ ਰੁੱਖ ਅਖਤਿਆਰ ਕਰ ਲੈਂਦਾ ਹੈ| ਖੁਦ ਨੂੰ ਸਭਿਆਚਾਰਕ ਗਾਇਕ ਹੋਣ ਦਾ ਦਾਅਵਾ ਕਰਨ ਵਾਲੇ ਇਹ ਗਾਇਕ ਆਪਣੇ ਨਾਲ ਅੱਧਨੰਗੀਆਂ ਕੁੜੀਆਂ ਨਚਾ ਕੇ ਕਿਹੜੇ ਸਭਿਆਚਾਰ ਦੀ ਸੇਵਾ ਕਰਦੇ ਹਨ ਇਹ ਤਾਂ ਇਹਨਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ|
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …