ਸਾਲ 1989 ਦੀਆਂ ਲੋਕ ਸਭਾ ਚੋਣਾਂ ਦੇ ਹੈਰਾਨੀਜਨਕ ਨਤੀਜੇ ਪੰਜਾਬ ਦੇ ਲੋਕਾਂ ਦੇ ਚੇਤਿਆਂ ਵਿੱਚ ਹਾਲੇ ਵੀ ਵਸੇ ਹੋਏ ਹਨ। ਇਸ ਚੋਣ ਪਿੜ ਵਿੱਚ ਅਕਾਲੀ ਦਲ (ਅ) ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਆਦਿ ਖਾਲਿਸਤਾਨੀ ਧਿਰਾਂ ਦੇ ਸਾਂਝੇ ਪਲੇਟਫਾਰਮ ਨੇ ਸੂਬੇ ਦੀਆਂ ਰਵਾਇਤੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਦੇ ਸਾਹ ਸੁਕਾ ਦਿੱਤੇ ਸਨ। ਉਦੋਂ ਕਾਂਗਰਸ ਨੂੰ ਮਹਿਜ਼ ਦੋ ਸੀਟਾਂ ਜੁੜੀਆਂ ਸਨ ਤੇ ਰਵਾਇਤੀ ਅਕਾਲੀ ਦਲ ਦਾ ਖੀਸਾ ਖਾਲੀ ਹੀ ਰਹਿ ਗਿਆ ਸੀ।
ਇਨ੍ਹਾਂ ਚੋਣਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਨੂੰ ਜਿੱਥੇ ਲੋਕ ਸਭਾ ਵਿਚ ਭੇਜਿਆ, ਉੱਥੇ ਹੀ ਨੂੰਹ ਬੀਬੀ ਬਿਮਲ ਕੌਰ ਖਾਲਸਾ ਜੋ ਕਿ ਇੰਦਰਾ ਗਾਂਧੀ ਕਾਂਡ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਿੰਘਣੀ ਸਨ ਤੇ ਸਹੁਰਾ ਸਰਦਾਰ ਸੁੱਚਾ ਸਿੰਘ ਮਲੋਆ ਯਾਨੀ ਭਾਈ ਬੇਅੰਤ ਸਿੰਘ ਦੇ ਪਿਤਾ ਜੀ ਆਪੋ ਆਪਣੀਆਂ ਸੀਟਾਂ ਜਿੱਤਣ ’ਚ ਕਾਮਯਾਬ ਹੋਏ ਸਨ। ਪੰਜਾਬ ਵਿੱਚ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ’ਚ ਵਗੀ ਸਿਆਸੀ ਹਵਾ ਵਾਂਗ ਹੀ 1989 ਦਾ ਚੋਣ ਪਿੜ ਉਸ ਸਮੇਂ ਦੀਆਂ ਖਾਲਿਸਤਾਨੀ ਧਿਰਾਂ ਦੇ ਹੱਕ ਵਿਚ ਭੁਗਤਿਆ ਸੀ। ਸਿਮਰਨਜੀਤ ਸਿੰਘ ਮਾਨ ਭਾਵੇਂ ਉਦੋਂ ਜੇਲ੍ਹ ਵਿਚ ਸਨ,ਪਰ ਅਕਾਲੀ ਦਲ (ਅ) ਨੇ ਲੋਕ ਸਭਾ ਪਿੜ ਨੂੰ ਅਜਿਹਾ ਮਘਾਇਆ ਕਿ ਨਤੀਜੇ ਦੌਰਾਨ ਸਿਆਸੀ ਚਿੰਤਕ ਦੰਗ ਰਹਿ ਗਏ ਸਨ। ਇਸ ਚੋਣ ਮਿਸ਼ਨ ਦੀ ਅਗਵਾਈ ਬਾਬਾ ਜੋਗਿੰਦਰ ਸਿੰਘ ਜੋ ਕਿ ਸੰਤ ਭਿੰਡਰਾਂਵਾਲਿਆਂ ਦੇ ਪਿਤਾ ਜੀ ਤੇ ਭਾਈ ਮਨਜੀਤ ਸਿੰਘ ਜੋ ਕਿ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਰਾਤਾ ਸਨ ਉਹਨਾਂ ਦੇ ਹੱਥਾਂ ਵਿਚ ਸੀ। ਐਤਕੀਂ ਸੰਗਰੂਰ ਤੋਂ ਮੁੜ ਮੈਦਾਨ ਵਿਚ ਨਿੱਤਰੇ ਸਿਮਰਨਜੀਤ ਸਿੰਘ ਮਾਨ ਨੇ 1989 ਦੀਆਂ ਚੋਣਾਂ ਦੌਰਾਨ ਤਰਨ ਤਾਰਨ ਹਲਕੇ ਤੋਂ ਰਿਕਾਰਡ ਤੋੜ ਵੋਟਾਂ ਨਾਲ ਬਾਜ਼ੀ ਮਾਰੀ ਸੀ। ਉਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ’ਤੇ ਕੀਤੇ ਗਏ ਕਾਤਲਾਨਾ ਹਮਲੇ ’ਚ ਸ਼ਾਮਲ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਿੰਘਣੀ ਬੀਬੀ ਬਿਮਲ ਕੌਰ ਖ਼ਾਲਸਾ ਵੀ ਅਕਾਲੀ ਦਲ (ਅ) ਵੱਲੋਂ ਰੋਪੜ ਹਲਕੇ ਤੋਂ ਜੇਤੂ ਰਹੇ ਸਨ ਤੇ ਉਨ੍ਹਾਂ ਦੇ ਸਹੁਰਾ ਸਰਦਾਰ ਸੁੱਚਾ ਸਿੰਘ ਮਲੋਆ ਬਠਿੰਡਾ ਸੀਟ ਤੋਂ ਜਿੱਤੇ ਸਨ।
ਉਦੋਂ ਚੋਣ ਪਿੜ ਦੀ ਸਿਆਸੀ ਹਵਾ ਨੇ ਅਕਾਲੀ ਦਲ (ਅ) ਨੂੰ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਪੇਸ਼ ਕੀਤਾ ਸੀ। ਇਸ ਪਾਰਟੀ ਵੱਲੋਂ ਹੋਰ ਜੇਤੂ ਉਮੀਦਵਾਰਾਂ ਵਿੱਚ ਲੁਧਿਆਣਾ ਤੋਂ ਬੀਬੀ ਰਾਜਿੰਦਰ ਕੌਰ ਬੁਲਾਰਾ, ਸੰਗਰੂਰ ਤੋਂ ਰਾਜਦੇਵ ਸਿੰਘ ਐਡਵੋਕੇਟ, ਫ਼ਰੀਦਕੋਟ ਤੋਂ ਜਗਦੇਵ ਸਿੰਘ ਦੇ ਨਾਂ ਸ਼ਾਮਲ ਹਨ। ਇਸ ਧਿਰ ਦੀ ਹਮਾਇਤ ’ਤੇ ਖੜ੍ਹੇ ਹੋਏ ਆਜ਼ਾਦ ਉਮੀਦਵਾਰਾਂ ਵਿਚ ਪਟਿਆਲਾ ਤੋਂ ਭਾਈ ਅਤਿੰਦਰਪਾਲ ਸਿੰਘ ‘ਜਿੰਦਾ ਕੁੰਜੀ’, ਫਿਰੋਜ਼ਪੁਰ ਤੋਂ ਭਾਈ ਧਿਆਨ ਸਿੰਘ ਮੰਡ ਜੋ ਕਿ ਹੁਣ ਸਰਬੱਤ ਖਾਲਸਾ ਵਲੋਂ ਕਾਰਜਕਾਰੀ ਜਥੇਦਾਰ ਲਾਏ ਗਏ ਸਨ ਤੇ ਅੰਮ੍ਰਿਤਸਰ ਤੋਂ ਕ੍ਰਿਪਾਲ ਸਿੰਘ ‘ਚੀਫ਼ ਖ਼ਾਲਸਾ ਦੀਵਾਨ’ ਜੇਤੂ ਬਣੇ ਸਨ। ਉਸ ਵੇਲੇ ਝੁੱਲੀ ਹਨੇਰੀ ਵਿਚ ਅਕਾਲੀ ਦਲ ਦੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬਲਵੰਤ ਸਿੰਘ ਰਾਮੂਵਾਲੀਆ ਆਦਿ ਚਿੱਤ ਹੋ ਗਏ ਸਨ। ਕਈ ਰਵਾਇਤੀ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਸਨ।
ਕਾਂਗਰਸ ਵੱਲੋਂ ਕਈ ਵਾਰ ਜੇਤੂ ਰਹੇ ਸੁਖਬੰਸ ਕੌਰ ਭਿੰਡਰ ਗੁਰਦਾਸਪੁਰ ਤੇ ਕਮਲ ਚੌਧਰੀ ਹੁਸ਼ਿਆਰਪੁਰ ਹਲਕੇ ਤੋਂ ਹੀ ਜਿੱਤ ਸਕੇ ਸਨ। ਬਸਪਾ ਵੀ ਖਾਤਾ ਖੋਲ੍ਹਣ ਵਿੱਚ ਸਫ਼ਲ ਰਹੀ ਸੀ ਤੇ ਬਸਪਾ ਦੇ ਉਮੀਦਵਾਰ ਹਰਭਜਨ ਲਾਖਾ ਜੋ ਕਿ ਆਪਣੀ ਮੌਤ ਤੋਂ ਪਹਿਲਾਂ ਅਮ੍ਰਿਤਪਾਨ ਕਰਕੇ ਸਰਦਾਰ ਹਰਭਜਨ ਸਿੰਘ ਲਾਖਾ ਬਣੇ ਉਹ ਵੀ ਫਿਲੌਰ ਤੋਂ ਜਿੱਤੇ ਸਨ, ਜਦਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਜਲੰਧਰ ਸੀਟ ਤੋਂ ਜਨਤਾ ਦਲ ਵੱਲੋਂ ਚੋਣ ਪਿੜ ਸਰ ਕਰ ਗਏ ਸਨ। ਮੌਜੂਦਾ ਸਮੇਂ ਵਿਚ ਵੈਸੇ ਕੋਈ ਉਮੀਦ ਨਹੀਂ ਦਿਖਾਈ ਦੇ ਰਹੀ ਕਿ ਪੰਜਾਬ ਦੀ ਸਭ ਤੋਂ ਸੁਹਿਰਦ ਧਿਰ ਜੋ ਕਿ ਉਸ ਸਮੇਂ ਦੀ ਖਾਲਿਸਤਾਨੀ ਧਿਰ ਵਜੋਂ ਉਬਭਰੀ ਸੀ,ਹੁਣ ਕੋਈ ਕ੍ਰਿਸ਼ਮਾ ਦਿਖਾ ਸਕੇ। ਸਰਦਾਰ ਮਾਨ ਉਦੋਂ ਦੀ ਜਿੱਤ ਮਗਰੋਂ ਕੋਈ ਖਾਸ ਕ੍ਰਿਸ਼ਮਾ ਨਹੀਂ ਕਰ ਸਕੇ ਤੇ ਹੁਣ ਤਾਂ ਹਾਲ ਇਹ ਹੈ ਕਿ ਹਰ ਵਾਰ ਉਹਨਾਂ ਜਮਾਨਤ ਜਬਤ ਹੁੰਦੀ ਹੈ।
Check Also
ਦੇਖੋ Manpreet Badal ਦੀ ਪਤਨੀ ਪਿੰਡ ਵਾਲਿਆਂਂ ਨੂੰ ਕੀ ਕੁੱਝ ਸੁਣਾ ਗਈ ..
ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਜਨਤਾ ਦਾ ਪਾਰਾ ਵੀ 7ਵੇਂ ਅਸਮਾਨੀਂ ਹੈ। …