ਪੇਸ਼ੇ ਵਜੋਂ ਡਾਕਟਰ ਧਰਮਵੀਰ ਗਾਂਧੀ ਨੇ ਸਾਲ 2014 ਵਿੱਚ ਆਮ ਆਦਮੀ ਪਾਰਟੀ ਨਾਲ ਸਰਗਰਮ ਸਿਆਸਤ ਵਿੱਚ ਪੈਰ ਧਰਿਆ ਪਰ ਉਨ੍ਹਾਂ ਦਾ ਸਾਥ ਬਹੁਤੀ ਦੇਰ ਨਾ ਚੱਲਿਆ ਤੇ ਅੱਜ ਕੱਲ੍ਹ ਉਨ੍ਹਾਂ ਆਪਣੀ ਵੱਖਰੀ ਨਵਾਂ ਪੰਜਾਬ ਪਾਰਟੀ ਕਾਇਮ ਕਰ ਲਈ ਹੈ ਤੇ ਉਹ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ।
ਸਾਲ 2011 ਵਿੱਚ ਦੇਸ਼ ਵਿੱਚ ਚੱਲੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਪ੍ਰਭਾਵਿਤ ਹੋਏ ਡਾ. ਗਾਂਧੀ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ। ਉਨ੍ਹਾਂ ਸਾਲ 2014 ਵਿੱਚ ਪਹਿਲੀ ਵਾਰ ਆਮ ਚੋਣਾਂ ਲੜੀਆਂ ਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਕਾਂਗਰਸ ਉਮੀਦਵਾਰ, ਸਾਬਕਾ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ 20,000 ਵੋਟਾਂ ਨਾਲ ਮਾਤ ਦਿੱਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸਿਆਸਤ ਵਿੱਚ ਕੋਈ ਖ਼ਾਸ ਸਰਗਰਮੀ ਨਹੀਂ ਸੀ। ਹਾਲਾਂਕਿ, ਸੰਨ 1977 ਵਿੱਚ ਅੰਮ੍ਰਿਤਸਰ ਵਿਖੇ ਪੜ੍ਹਾਈ ਕਰਦਿਆਂ ਉਨ੍ਹਾਂ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ।
ਨਿੱਜੀ ਜਾਣਕਾਰੀ:
ਧਰਮਵੀਰ ਗਾਂਧੀ ਦਾ ਜਨਮ ਪਹਿਲੀ ਜੂਨ 1951 ਨੂੰ ਰੋਪੜ ਜ਼ਿਲ੍ਹੇ ਵਿੱਚ ਹੋਇਆ। ਉਨ੍ਹਾਂ ਐਮਬੀਬੀਐਸ ਤੇ ਐਮਡੀ ਦੀ ਡਿਗਰੀ ਅੰਮ੍ਰਿਤਸਰ ਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਤੋਂ ਹਾਸਲ ਕੀਤੀ। ਡਾ. ਗਾਂਧੀ ਪਟਿਆਲਾ ਦੇ ਮੰਨੇ-ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਰਾਂ ਵਿੱਚੋਂ ਇੱਕ ਹਨ ਤੇ ਹੁਣ ਉਹ ਬੇਬਾਕ ਸਿਆਸਤਦਾਨ ਵਜੋਂ ਵੀ ਮਕਬੂਲ ਹਨ।
ਹਲਕਾ:
ਡਾ. ਗਾਂਧੀ ਨੇ ਸਾਲ 2014 ਵਿੱਚ ਪਟਿਆਲਾ ਵਿੱਚ ਆਪਣੀ ਜਿੱਤ ਦਾ ਪਰਚਮ ਲਹਿਰਾਇਆ। ਉਨ੍ਹਾਂ ਨੂੰ 3,65,671 ਵੋਟਾਂ ਹਾਸਲ ਹੋਈਆਂ ਤੇ ਇਨ੍ਹਾਂ ਚੋਣਾਂ ਵਿੱਚ ਦੂਜੇ ਥਾਂ ‘ਤੇ 3,44,729 ਨਾਲ ਪਰਨੀਤ ਕੌਰ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੀਪਿੰਦਰ ਸਿੰਘ ਢਿੱਲੋਂ ਨੂੰ 3,40,109 ਵੋਟਾਂ ਪਈਆਂ। 15.80 ਲੱਖ ਵੋਟਰਾਂ ਵਾਲੇ ਇਸ ਹਲਕੇ ‘ਤੇ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਪਰਿਵਾਰ ਦਾ ਦਬਦਬਾ ਰਿਹਾ ਹੈ, ਪਰ ਸਮੇਂ-ਸਮੇਂ ‘ਤੇ ਲੋਕਾਂ ਨੇ ਸ਼ਾਹੀ ਤਖ਼ਤ ਡੁਲਾਏ ਵੀ ਹਨ। ਇਸ ਵਾਰ ਵੀ ਲੋਕਾਂ ਨੇ 19 ਮਈ ਨੂੰ ਪਟਿਆਲਾ ਦੇ ਲੀਡਰਾਂ ਦੀ ਤਕਦੀਰ ਲਿਖ ਦੇਣੀ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …