ਦਰਸ਼ਨ ਕਰੋ.. ਬੇਬੇ ਨਾਨਕੀ ਜੀ ਦੀ ਪੁਰਾਤਨ ਖੂਹੀ ਅਤੇ ਉਹਨਾਂ ਦਾ ਅਸਲੀ ਘਰ,ਦਰਸ਼ਨ ਕਰਕੇ ਵੀਡੀਓ ਸਭ ਸੰਗਤ ਨਾਲ ਸ਼ੇਅਰ ਕਰੋ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਬੀਬੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਮਤਿ ਨੂੰ ਜਾਣਿਆ। ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੇਵਲ ਵੀਰ ਹੀ ਨਹੀਂ, ਫਕੀਰ ਕਰਕੇ ਵੀ ਜਾਣਿਆ।ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਵਿਚ 1464 ਨੂੰ ਹੋਇਆ। ਉਹ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੇ ਸਨ। ਬੇਬੇ ਜੀ ਦਾ ਜਨਮ ਨਾਨਕੇ ਹੋਣ ਕਰਕੇ ਨਾਨਾ ਰਾਮ ਜੀ, ਨਾਨੀ ਭਿਰਾਈ ਅਤੇ ਮਾਮਾ ਕ੍ਰਿਸ਼ਨਾ ਜੀ ਦੇ ਲਾਡਾਂ-ਪਿਆਰਾਂ ਨਾਲ ਨਵੀਂ ਜਨਮੀ ਬੱਚੀ ਦਾ ਨਾਂਅ ਹੀ ਨਾਨਕਿਆਂ ਦੀ ਪੈ ਗਿਆ।

ਇਹ ਅੱਗੇ ਜਾ ਕੇ ਨਾਨਕੀ ਅਖਵਾਉਣ ਲੱਗ ਪਿਆ। ਬੇਬੇ ਨਾਨਕੀ ਨੂੰ ਗੁਰੂ ਨਾਨਕ ਦੇਵ ਜੀ ਦੀ ਅਵਸਥਾ ਬਾਰੇ ਗਿਆਨ ਸੀ। ਉਹ ਆਪਣੀ ਮਾਤਾ ਤ੍ਰਿਪਤਾ ਅਤੇ ਪਿਤਾ ਕਾਲੂ ਨੂੰ ਕਹਿੰਦੀ ਕਿ ਨਾਨਕ ਨੂੰ ਪੁੱਤਰ ਕਰਕੇ ਨਾ ਜਾਣਿਓ। ਨਾਨਕ ਇਸ ਜਗਤ ਦਾ ਜੀਵ ਨਹੀਂ, ਉਹ ਤਾਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਅਤੇ ਉਨ੍ਹਾਂ ਦੀ ਪੀੜਾ ਹਰਨ ਵਾਸਤੇ ਆਇਆ ਹੈ।ਬੇਬੇ ਨਾਨਕੀ ਦਾ ਵਿਆਹ 11 ਸਾਲ ਦੀ ਉਮਰ ਵਿਚ ਭਾਈ ਜੈ ਰਾਮ ਵਾਸੀ ਸੁਲਤਾਨਪੁਰ ਲੋਧੀ ਨਾਲ ਹੋਇਆ। ਭਾਈ ਜੈ ਰਾਮ ਆਮਿਲ ਸਨ ਤੇ ਪੈਮਾਇਸ਼ ਕਰਨ ਤੇ ਕਰ ਲੈਣ ਤਲਵੰਡੀ ਜਾਇਆ ਕਰਦੇ ਸਨ।

ਰਾਇ ਬੁਲਾਰ ਨੇ ਦੋਵਾਂ ਪਰਿਵਾਰਾਂ ਦਾ ਮੇਲ-ਜੋਲ ਕਰਵਾ ਦਿੱਤਾ। ਭਾਵੇਂ ਨਾਨਕੀ ਜੀ ਵਿਆਹ ਕੇ ਸੁਲਤਾਨਪੁਰ ਚਲੇ ਗਏ ਪਰ ਵੀਰ ਦਾ ਪਿਆਰ ਉਨ੍ਹਾਂ ਨੂੰ ਮੁੜ ਤਲਵੰਡੀ ਖਿੱਚ ਲਿਆਉਂਦਾ ਰਿਹਾ। ਭਾਈ ਜੈ ਰਾਮ ਵੀ ਬੇਬੇ ਨਾਨਕੀ ਨੂੰ ਪੂਰਾ ਆਦਰ-ਮਾਣ ਦਿੰਦੇ। ਨਾਨਕ ਦੀ ਭੈਣ ਤੇ ਨਾਨਕੀ ਨਾਲ ਜੁੜੇ ਹੋਣ ਕਾਰਨ ਕਹਿ ਦਿੰਦੇ ਬਹੂ ਜੀ ਤੂੰ ਨਾਨਕ ਦੀ ਭੈਣ ਹੈਂ। ਤੈਨੂੰ ਵੀ ਇਸ ਦਾ ਅਸਰ ਹੈ। ਅਸੀਂ ਐਵੇਂ ਭਰਮ ਵਿਚ ਭਟਕਦੇ ਹਾਂ। ਧੰਨ ਪਰਮੇਸ਼ਵਰ ਜੀ ਹੈ ਅਤੇ ਧੰਨ ਨਾਨਕ ਜੀ ਹੈ ਅਤੇ ਤੂੰ ਵੀ ਧੰਨ ਹੈ, ਜੋ ਇਸ ਦੀ ਭੈਣ ਹੈ ਅਤੇ ਥੋੜ੍ਹੇ-ਥੋੜ੍ਹੇ ਅਸੀਂ ਵੀ ਹਾਂ, ਜੋ ਤੇਰੇ ਨਾਲ ਸਾਡਾ ਸੰਯੋਗ ਹੈ। ਨਾਨਕੀ ਦੇ ਕਹਿਣ ‘ਤੇ ਉਨ੍ਹਾਂ ਦੌਲਤ ਖਾਨ ਨਾਲ ਨਾਨਕ ਲਈ ਗੱਲ ਕੀਤੀ।

ਸੁਲਤਾਨਪੁਰ ਵਿਚ ਹੀ ਉਹ ਪਾਵਨ ਰਿਹਾਇਸ਼ ਹੈ, ਜਿਥੇ ਬੇਬੇ ਨਾਨਕੀ ਜੀ ਤਕਰੀਬਨ 43 ਸਾਲ ਰਹੇ।ਉਥੇ ਹੀ ਉਹ ਖੂਹ ਹੈ, ਜੋ ਪਿਆਸਿਆਂ ਦੀ ਪਿਆਸ ਹੁਣ ਤੱਕ ਬੁਝਾਉਂਦਾ ਹੈ। ਉਥੇ ਹੀ ਇਕ ਐਸਾ ਬ੍ਰਿਛ ਹੈ, ਜੋ ਥੱਕੇ-ਹਾਰਿਆਂ ਦੀ ਥਕਾਵਟ ਹੁਣ ਤੱਕ ਮਿਟਾਉਂਦਾ ਹੈ। ਉਥੇ ਹੀ ਤੰਦੂਰ ਹੈ, ਜੋ ਹਰ ਇਕ ਦੀ ਭੁੱਖ ਦਾ ਖਿਆਲ ਰੱਖ ਹਰ ਵਕਤ ਬਲਦਾ ਹੀ ਰਹਿੰਦਾ ਹੈ। ਹਰ ਵਕਤ ਲੰਗਰ ਆਏ-ਗਏ ਲਈ ਤਿਆਰ ਰਹਿੰਦਾ ਹੈ। ਇਸ ਥਾਂ ਦੀ ਮਹੱਤਤਾ ਨੂੰ ਜਾਣਦੇ ਹੋਏ ਵੀਰ ਦੇ ਆਉਣ ‘ਤੇ ਉਹ ਥਾਂ ਬੇਬੇ ਨੇ ਗੁਰੂ ਨਾਨਕ ਨੂੰ ਦੇ ਦਿੱਤੀ। ਆਪ ਛੋਟੇ ਮਕਾਨ ਵਿਚ ਚਲੇ ਗਏ ਤਾਂ ਕਿ ਨਾਨਕ ਦਾ ਵਿਹੜਾ ਸਦਾ ਖੁੱਲ੍ਹਾ ਰਹੇ।

ਦੂਜੀ ਉਦਾਸੀ ਵੇਲੇ 1518 ਦੇ ਅਖੀਰ ਵਿਚ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਪੁੱਜੇ ਤਾਂ ਨਾਨਕੀ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਦੇਖ ਕੇ ਵੀਰ ਨੂੰ ਰੁਕ ਜਾਣ ਲਈ ਕਿਹਾ। ਬੇਬੇ ਨਾਨਕੀ ਦਾ ਸਸਕਾਰ ਵੀਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕੀਤਾ। ਬੇਬੇ ਨਾਨਕੀ ਦੇ ਅਕਾਲ ਚਲਾਣੇ ਦੇ ਤੀਜੇ ਦਿਨ ਭਾਈ ਜੈ ਰਾਮ ਵੀ ਚੜ੍ਹਾਈ ਕਰ ਗਏ। ਉਨ੍ਹਾਂ ਦਾ ਸਸਕਾਰ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤਾ ਤੇ ਦੋਵਾਂ ਦੇ ਫੁੱਲ ਇਕੱਠੇ ਹੀ ਵੇਈਂ ਨਦੀ ਵਿਚ ਪ੍ਰਵਾਹ ਕੀਤੇ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.