ਪੰਜਾਬ ਦੇ ਬਾਹਰੋ ਆਏ ਲੋਕ ਵੀ Sikh ਸੰਗਤ ਦੀ ਇਹ ਸੇਵਾ ਦੇਖ ਕੇ ਖੁਸ਼ ਹੋ ਗਏ

ਸੇਵਾ : ਸਿੱਖ ਧਰਮ-ਸਾਧਨਾ ਵਿਚ ਸੇਵਾ ਦਾ ਬਹੁਤ ਅਧਿਕ ਮਹੱਤਵ ਹੈ । ਸੰਸਕ੍ਰਿਤ ਭਾਸ਼ਾ ਦੇ ਇਸ ਸ਼ਬਦ ਨੂੰ ‘ ਭਗਤੀ ’ ਦਾ ਨਾਮਾਂਤਰ ਮੰਨਿਆ ਹੈ । ਇਹ ਸਚਮੁਚ ਇਕ ਨਿਸ਼ਕਾਮ ਸਾਧਨਾ ਹੈ । ਇਸ ਦਾ ਮਨੁੱਖਤਾ ਦੇ ਕਲਿਆਣ ਵਿਚ ਵਿਸ਼ੇਸ਼ ਮਹੱਤਵ ਹੈ । ਸੰਸਾਰ ਦੇ ਲਗਭਗ ਸਾਰੇ ਆਚਾਰ-ਸ਼ਾਸਤ੍ਰਾਂ ਅਤੇ ਧਾਰਮਿਕ ਗ੍ਰੰਥਾਂ ਵਿਚ ਸੇਵਾ ਦੀ ਗੱਲ ਹੋਈ ਮਿਲ ਜਾਂਦੀ ਹੈ । ਭਗਤੀ-ਮਾਰਗ ਵਿਚ ਇਸ ਦਾ ਵਿਸ਼ੇਸ਼ ਸਥਾਨ ਹੈ ।

ਸੇਵਾ ਅਸਲ ਵਿਚ ਬੜੀ ਉੱਚੀ ਸਾਧਨਾ ਹੈ । ਮਨੁੱਖ ਦਾ ਹਰ ਕਾਰਜ ਹਉਮੈ ਨਾਲ ਯੁਕਤ ਹੁੰਦਾ ਹੈ । ਸੇਵਾ ਦੀ ਭਾਵਨਾ ਹਉਮੈ ਨੂੰ ਨਸ਼ਟ ਕਰਦੀ ਹੈ , ਕਿਉਂਕਿ ਹਉਮੈ ਧੁੰਧ- ਗੁਬਾਰ ਵਾਂਗ ਹੈ ਅਤੇ ਸੇਵਾ ਪ੍ਰਕਾਸ਼ ਵਰਗੀ ਹੈ । ਹਉਮੈ ਦੀ ਅਵਸਥਾ ਵਿਚ ਆਪਣੇ ਆਪ ਲਈ ਜੀਉਣਾ ਹੁੰਦਾ ਹੈ , ਸੇਵਾ ਵਿਚ ਹੋਰਨਾਂ ਲਈ ਜੀਵਿਆ ਜਾਂਦਾ ਹੈ । ਜਦ ਤਕ ਜਿਗਿਆਸੂ ਹਉਮੈ ਜਾਂ ਆਪਣੇਪਨ ਦੀ ਭਾਵਨਾ ਨੂੰ ਨਸ਼ਟ ਨਹੀਂ ਕਰਦਾ , ਤਦ ਤਕ ਉਹ ਸੇਵਾ ਕਰਨ ਦਾ ਮਾਣ ਪ੍ਰਾਪਤ ਨਹੀਂ ਕਰ ਸਕਦਾ ।
ਸੇਵਾ ਕਰਨ ਦੀ ਰੁਚੀ ਹਰ ਇਕ ਵਿਅਕਤੀ ਦੇ ਮਨ ਵਿਚ ਪੈਦਾ ਨਹੀਂ ਹੋ ਸਕਦੀ । ਇਸ ਦੀ ਪ੍ਰਾਪਤੀ ਲਈ ਬੜੇ ਉੱਚੇ ਆਚਰਣ ਦੀ ਲੋੜ ਹੈ । ਇਸ ਵਿਚ ਕੋਈ ਸੰਤੋਖੀ ਸਾਧਕ ਹੀ ਲਗ ਸਕਦਾ ਹੈ , ਜਿਸ ਨੇ ਸਤਿ-ਸਰੂਪ ਪਰਮਾਤਮਾ ਦੀ ਆਰਾਧਨਾ ਕੀਤੀ ਹੋਵੇ , ਜਿਸ ਨੇ ਕਦੇ ਮਾੜੇ ਕੰਮਾਂ ਵਾਲੇ ਮਾਰਗ ਉਤੇ ਪੈਰ ਨ ਧਰੇ ਹੋਣ , ਜਿਸ ਨੇ ਸਦਾ ਧਰਮ ਅਨੁਸਾਰ ਕਾਰਜ ਕੀਤਾ ਹੋਵੇ , ਜਿਸ ਨੇ ਸੰਸਾਰਿਕ ਬੰਧਨਾਂ ਨੂੰ ਤੋੜ ਸੁਟਿਆ ਹੋਵੇ ਅਤੇ ਜੋ ਅਲਪ ਆਹਾਰ ਕਰਕੇ ਆਪਣੇ ਜੀਵਨ ਨੂੰ ਨਿਭਾ ਰਿਹਾ ਹੋਵੇ— ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ । ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ । ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ । ( ਗੁ.ਗ੍ਰੰ. 466-67 ) ।
Image result for rcf gurudwara
ਸੇਵਾ ਦੇ ਫਲ ਉਤੇ ਪ੍ਰਕਾਸ਼ ਪਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਸੇਵਾ ਸ੍ਰੇਸ਼ਠ ਕਰਨੀ ਹੈ , ਇਸ ਤੋਂ ਬਿਨਾ ਮਨੁੱਖ ਮੋਖ-ਪਦ ਪ੍ਰਾਪਤ ਨਹੀਂ ਕਰ ਸਕਦਾ— ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ । ( ਗੁ.ਗ੍ਰੰ.992 ) । ਸੇਵਾ ਰਾਹੀਂ ਕੀਤੀ ਕਮਾਈ ਜਾਂ ਸਾਧਨਾ ਤੋਂ ਹੀ ਪਰਮ-ਸੁਖ ਦੀ ਪ੍ਰਾਪਤੀ ਸੰਭਵ ਹੈ— ਸੁਖੁ ਹੋਵੈ ਸੇਵ ਕਮਾਣੀਆ । ਇਸ ਲਈ ਗੁਰਬਾਣੀ ਨੇ ਸੇਵਾ ਕਰਨ ਉਤੇ ਬਹੁਤ ਬਲ ਦਿੱਤਾ , ਕਿਉਂਕਿ ਸੇਵਾ ਰਾਹੀਂ ਹੀ ਜਿਗਿਆਸੂ ਸਹਿਜ ਢੰਗ ਨਾਲ ਪਰਮਾਤਮਾ ਦੀ ਦਰਗਾਹ ਵਿਚ ਪਹੁੰਚ ਸਕਦਾ ਹੈ— ਵਿਚਿ ਦੁਨੀਆ ਸੇਵ ਕਮਾਈਐ । ਤਾ ਦਰਗਹ ਬੈਸਣੁ ਪਾਈਐ । ਕਹੁ ਨਾਨਕ ਬਾਹੁ ਲੁਡਾਈਐ । ( ਗੁ.ਗ੍ਰੰ.26 ) ।
ਅਸੂਲੀ ਤੌਰ ਉਤੇ ਵੇਖੀਏ ਤਾਂ ਸੇਵਾ ਦਾ ਸੰਬੰਧ ਸੁਆਮੀ ਪ੍ਰਤਿ ਸੇਵਕ ਦੀ ਨਿਸ਼ਠਾ ਨਾਲ ਹੈ । ਵੈਸ਼ਣਵ-ਭਗਤੀ ਅਤੇ ਨਵਧਾ-ਭਗਤੀ ਵਿਚ ‘ ਪਾਦ-ਸੇਵਨ’ ਨੂੰ ਭਗਤੀ ਦਾ ਵਿਸ਼ੇਸ਼ ਤੱਤ੍ਵ ਮੰਨਿਆ ਗਿਆ ਹੈ । ਪਰ ਗੁਰਮਤਿ ਵਿਚ ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ । ਇਹ ਗੁਰੂ ਦੀ ਸੇਵਾ ਤੋਂ ਲੈ ਕੇ ਜੀਵਾਂ ਦੀ ਸੇਵਾ ਤਕ ਵਿਆਪਕ ਹੈ । ਇਸ ਵਿਚ ਮਨੁੱਖੀ ਕਰਤੱਵ ਨੂੰ ਪਾਲਣਾ , ਪਰਉਪਕਾਰ ਕਰਨਾ ਆਦਿ ਸਭ ਸਮਾ ਜਾਂਦੇ ਹਨ । ਗੁਰਮਤਿ ਦੀ ਸਮਾਜਿਕ ਚੇਤਨਾ ਵਿਚ ਸੇਵਾ ਦਾ ਵਿਸ਼ੇਸ਼ ਸਥਾਨ ਹੈ । ਪਰ-ਸੇਵਾ ਸੁਆਰਥ ਦੀ ਭਾਵਨਾ ਨੂੰ ਨਸ਼ਟ ਕਰਦੀ ਹੈ । ਸੁਆਰਥ ਦੁਅੰਦ ਦਾ ਜਨਕ ਹੈ , ਦੂਜਿਆਂ ਦੇ ਹੱਕ ਨੂੰ ਦਬਾਉਣਾ ਮਨੁੱਖ ਦੇ ਜੀਵਨ ਦੀ ਪ੍ਰਮੁਖ ਬਿਰਤੀ ਬਣ ਜਾਂਦੀ ਹੈ । ਸਮਾਜ ਵਿਚ ਤਣਾਉ ਵਧ ਜਾਂਦਾ ਹੈ , ਸੰਤੁਲਨ ਖ਼ਤਮ ਹੋ ਜਾਂਦਾ ਹੈ । ਇਸ ਦੇ ਉਲਟ ਪਰ-ਸੇਵਾ ਸੰਤੋਖ ਨੂੰ ਜਨਮ ਦਿੰਦੀ ਹੈ , ਆਪਣਾ ਪਰਾਇਆ ਭੇਦ ਮਿਟਾਉਂਦੀ ਹੈ , ਮਨੁੱਖਤਾ ਦਾ ਇਹਸਾਸ ਵਧਾਉਂਦੀ ਹੈ । ਇਸ ਤਰ੍ਹਾਂ ਸੇਵਾ ਆਪਣੇ ਆਪ ਵਿਚ ਇਕ ਸਾਧਨਾ ਹੈ ।
Image result for rcf gurudwara
ਗੁਰਬਾਣੀ ਵਿਚ ਗੁਰੂ ਦੀ ਸੇਵਾ ਉਤੇ ਵੀ ਬਹੁਤ ਬਲ ਦਿੱਤਾ ਗਿਆ ਹੈ । ਜਦ ਆਪਣੇ ਗੁਰੂ ਪ੍ਰਤਿ ਸੇਵਕ ਦੇ ਮਨ ਵਿਚ ਭਗਤੀ-ਭਾਵਨਾ ਦਾ ਵਿਕਾਸ ਹੋ ਜਾਂਦਾ ਹੈ ਤਾਂ ਮਨ ਆਪਣੇ ਆਪ ਸੇਵਾ ਲਈ ਪ੍ਰੇਰਿਤ ਹੋ ਜਾਂਦਾ ਹੈ । ਗੁਰੂ ਦੀ ਸੇਵਾ ਦੋ ਪ੍ਰਕਾਰ ਦੀ ਹੁੰਦੀ ਹੈ— ਬਾਹਰਲੀ ਅਤੇ ਅੰਦਰਲੀ । ਬਾਹਰਲੀ ਸੇਵਾ ਉਹ ਹੈ ਜਿਸ ਨੂੰ ਕਰਨ ਨਾਲ ਗੁਰੂ ਨੂੰ ਸ਼ਰੀਰਿਕ ਸੁਖ ਦੀ ਪ੍ਰਾਪਤੀ ਹੋਵੇ , ਜਿਵੇਂ ਪੈਰ ਦਬਾਣਾ , ਪੱਖਾ ਝਲਣਾ , ਪਾਣੀ ਭਰਨਾ , ਆਟਾ ਪੀਹਣਾ ਆਦਿ । ਅੰਦਰਲੀ ਸੇਵਾ ਰਾਹੀਂ ਗੁਰੂ ਦੀ ਪੂਰਣ ਸ਼ਰਧਾ ਸਹਿਤ ਆਰਾਧਨਾ ਕੀਤੀ ਜਾਂਦੀ ਹੈ । ਗੁਰੂ ਦਾ ਦਰਸ਼ਨ ਕਰਨਾ , ਉਸ ਦੇ ਬਚਨ ਜਾਂ ਬਾਣੀ ਸੁਣਨਾ , ਉਨ੍ਹਾਂ ਬਚਨਾਂ ਅਨੁਸਾਰ ਅਮਲ ( ਕਰਮ ) ਕਰਨੇ ਇਹ ਇਕ ਪ੍ਰਕਾਰ ਦੀ ਮਾਨਸਿਕ ਸੇਵਾ ਹੈ । ਬਾਹਰਲੀ ਸੇਵਾ ਅੰਦਰਲੀ ਸੇਵਾ ਦਾ ਮੂਲ ਆਧਾਰ ਹੈ ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.