ਬਠਿੰਡੇ ਤੋਂ ਕਾਂਗਰਸ ਨੇ ਨਹੀਂ ਪਰ ਸੁਖਬੀਰ ਬਾਦਲ ਨੇ ਐਲਾਨਿਆ ਕਾਂਗਰਸ ਦਾ ਉਮੀਦਵਾਰ

ਕਾਂਗਰਸ ਵਲੋਂ ਭਾਵੇਂ ਬਠਿੰਡਾ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਨਾਂ ਫਾਈਨਲ ਨਹੀਂ ਕੀਤਾ ਗਿਆ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਦੀ ਪੂਰੀ ਜਾਣਕਾਰੀ ਹੈ। ਸੁਖਬੀਰ ਮੁਤਾਬਕ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਅਤੇ ਉਹ ਹਰ ਹਾਲ ‘ਚ ਮਨਪ੍ਰੀਤ ਬਾਦਲ ਨੂੰ ਹਰਾਉਣਗੇ।

ਦੂਸਰੀਆਂ ਪਾਰਟੀਆਂ ਦੀ ਸੂਹ ਰੱਖਣ ਵਾਲੇ ਸੁਖਬੀਰ ਬਾਦਲ ਭਾਵੇਂ ਬਠਿੰਡਾ ਤੋਂ ਜਿੱਤਣ ਦੀ ਤਿਆਰੀ ਵੱਟੀ ਬੈਠੇ ਹਨ ਪਰ ਉਮੀਦਵਾਰ ਦੇ ਨਾਂ ਨੂੰ ਲੈ ਕੇ ਉਨ੍ਹਾਂ ਵਲੋਂ ਵੀ ਅਜੇ ਤਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਸੁਖਪਾਲ ਖਹਿਰਾ ਨੂੰ ਬਠਿੰਡਾ ਤੋਂ ਐਲਾਨਿਆ ਗਿਆ ਹੈ ਜਦਕਿ ਆਮ ਆਦਮੀ ਪਾਰਟੀ ਬੀਬਾ ਬਲਜਿੰਦਰ ਕੌਰ ਨੂੰ ਮੈਦਾਨ ਵਿਚ ਉਤਾਰ ਚੁੱਕੀ ਹੈ।
ਬਾਦਲਾਂ ਦੇ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਲਈ ਕਾਂਗਰਸ ਵਲਂੋ ਕੇਂਦਰੀ ਮੰਤਰੀ ਅਤੇ ਇਸ ਪ੍ਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਵੱਡਾ ਸਿਆਸੀ ਚਿਹਰਾ ਉਤਾਰਨ ਦੀ ਚਰਚਾ ਚੱਲ ਰਹੀ ਹੈ। ਕਾਂਗਰਸ ਦੇ ਸੂਤਰਾਂ ਮੁਤਾਬਕ ਹਾਲੇ ਤਕ ਹਰਸਿਮਰਤ ਕੌਰ ਦੇ ਮੁਕਾਬਲੇ ਉਨ੍ਹਾਂ ਦੇ ਪੁਰਾਣੇ ਸਿਆਸੀ ਵਿਰੋਧੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਹੀ ਸਾਹਮਣੇ ਆ ਰਿਹਾ ਹੈ।

ਇਸਤੋਂ ਇਲਾਵਾ ਕਾਂਗਰਸ ਵਲੋਂ ਕੇਂਦਰੀ ਮੰਤਰੀ ਦੇ ਮੁਕਾਬਲੇ ਪੰਜਾਬ ਦੀ ਇਕ ਹੋਰ ਤੇਜ਼-ਤਰਾਰ ਮਹਿਲਾ ਆਗੂ ਨਵਜੋਤ ਕੌਰ ਸਿੱਧੂ ਨੂੰ ਵੀ ਮੈਦਾਨ ਵਿਚ ਉਤਾਰੇ ਜਾਣ ਦੀ ਚਰਚਾ ਹੈ। ਸੂਤਰਾਂ ਅਨੁਸਾਰ ਬਠਿੰਡਾ ਸੀਟ ਲਈ ਕਿਤੇ-ਕਤਾਈ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦਾ ਨਾਮ ਵੀ ਸੁਣਨ ਵਿਚ ਆ ਰਿਹਾ ਹੈ।

Related posts

Leave a Comment