ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਦੁਆਰਾ ਥਾਪੇ ਆਪਣੇ ਉਤਰਾਧਿਕਾਰੀ ਸੰਤ ਜਰਨੈਲ ਸਿੰਘ ਦਾ ਜਨਮ ਸੰਨ 1947 ਈ. ਵਿਚ ਬਾਬਾ ਜੋਗਿੰਦਰ ਸਿੰਘ ਦੇ ਘਰ ਮਾਈ ਨਿਹਾਲ ਕੌਰ ਦੀ ਕੁੱਖੋਂ ਫ਼ਰੀਦਕੋਟ ਜ਼ਿਲ੍ਹੇ ਦੇ ਰੋਡੇ ਪਿੰਡ ਵਿਚ ਹੋਇਆ । ਇਨ੍ਹਾਂ ਨੇ ਮੁੱਢਲੀ ਤਾਲੀਮ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪ੍ਰਾਪਤ ਕੀਤੀ । ਉਸ ਤੋਂ ਬਾਦ ਇਹ ਪਿਤਾ ਪੁਰਖੀ ਕੰਮ ਖੇਤੀ ਵਿਚ ਰੁਝ ਗਏ । ਸੰਨ 1965 ਈ. ਵਿਚ ਇਨ੍ਹਾਂ ਨੇ ਸਿੱਖ ਧਰਮ-ਗ੍ਰੰਥਾਂ ਦੇ ਅਧਿਐਨ ਲਈ ਭਿੰਡਰਕਲਾਂ ਪਿੰਡ ਦੇ ‘ ਗੁਰਦੁਆਰਾ ਅਖੰਡ ਪ੍ਰਕਾਸ਼’ ਵਿਚ ਸਥਾਪਿਤ ਦਮਦਮੀ ਟਕਸਾਲ ਵਿਚ ਪ੍ਰਵੇਸ਼ ਕੀਤਾ ਜੋ ਮੋਗਾ ਤੋਂ 15 ਕਿ.ਮੀ. ਉੱਤਰ ਵਲ ਹੈ । ਉਦੋਂ ਸੰਤ ਗੁਰਬਚਨ ਸਿੰਘ ਖ਼ਾਲਸਾ ਇਸ ਟਕਸਾਲ ਦੇ ਮੁਖੀ ਸਨ । ਸੰਤ ਜੀ ਭਿੰਡਰਕਲਾਂ ਵਿਚ ਘਟ ਹੀ ਰਹਿੰਦੇ ਸਨ ।
ਜੂਨ 1969 ਈ. ਵਿਚ ਸੰਤ ਗੁਰਬਚਨ ਸਿੰਘ ਖ਼ਾਲਸਾ ਦਾ ਦੇਹਾਂਤ ਹੋ ਗਿਆ । ਉਨ੍ਹਾਂ ਤੋਂ ਬਾਦ ਸੰਤ ਕਰਤਾਰ ਸਿੰਘ ਖ਼ਾਲਸਾ ਟਕਸਾਲ ਦੇ ਮੁਖੀ ਬਣੇ । ਉਨ੍ਹਾਂ ਨੇ ਟਕਸਾਲ ਦਾ ਕੇਂਦਰ ‘ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼’ , ਚੌਕ ਮਹਿਤਾ ਵਿਚ ਬਦਲ ਲਿਆ । 16 ਅਗਸਤ 1977 ਈ. ਨੂੰ ਉਨ੍ਹਾਂ ਦੀ ਇਕ ਸੜਕ-ਹਾਦਸੇ ਵਿਚ ਮ੍ਰਿਤੂ ਹੋ ਗਈ , ਪਰ ਉਨ੍ਹਾਂ ਨੇ ਆਪਣੀ ਮ੍ਰਿਤੂ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਨੂੰ ਟਕਸਾਲ ਦਾ ਮੁਖੀ ਨਾਮਜ਼ਦ ਕਰ ਦਿੱਤਾ । 25 ਅਗਸਤ 1977 ਈ. ਨੂੰ ਭੋਗ ਉਪਰੰਤ ਸੰਗਤ ਨੇ ਆਪ ਨੂੰ ਦਮਦਮੀ ਟਕਸਾਲ ਦਾ ਮੁਖੀ ਸਥਾਪਿਤ ਕਰ ਦਿੱਤਾ । ਇਨ੍ਹਾਂ ਨੇ ਟਕਸਾਲ ਦਾ ਕਾਰਜ-ਭਾਰ ਸੰਭਾਲਣ ਤੋਂ ਬਾਦ ਸਿੱਖਾਂ ਵਿਚੋਂ ਪਤਿਤਪਣੇ ਨੂੰ ਖ਼ਤਮ ਕਰਕੇ ਅੰਮ੍ਰਿਤ ਛਕਣ ਲਈ ਇਕ ਪ੍ਰਕਾਰ ਦੀ ਮੁਹਿਮ ਸ਼ੁਰੂ ਕਰ ਦਿੱਤੀ ਅਤੇ ਨਿਰੰਕਾਰੀਆਂ ਵਲੋਂ ਸਿੱਖ ਧਰਮ ਦੇ ਸਿੱਧਾਂਤਾਂ ਦੇ ਵਿਰੁੱਧ ਪ੍ਰਸਾਰੀਆਂ ਜਾਣ ਵਾਲੀਆਂ ਮਾਨਤਾਵਾਂ ਦਾ ਤੀਬਰ ਵਿਰੋਧ ਕੀਤਾ ।
ਸੰਨ 1978 ਈ. ਵਿਚ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਵਿਚ ਸੰਮੇਲਨ ਕਰਨ ਦੀ ਪੰਜਾਬ ਸਰਕਾਰ ਨੇ ਆਗਿਆ ਦੇ ਦਿੱਤੀ । ਸੰਤ ਜਰਨੈਲ ਸਿੰਘ ਅਤੇ ਅਖੰਡ ਕੀਰਤਨੀ ਜੱਥੇ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ । ਕੁਝ ਸਿੰਘ ਆਪਣਾ ਰੋਸ ਪ੍ਰਗਟ ਕਰਨ ਲਈ ਸੰਮੇਲਨ ਵਾਲੇ ਸਥਾਨ ਵਲ ਚਲੇ ਗਏ ਜਿਥੇ ਨਿਰੰਕਾਰੀਆਂ ਦੇ ਬੰਦੂਕਧਾਰੀਆਂ ਨੇ ਉਨ੍ਹਾਂ ਉਤੇ ਗੋਲੀਆਂ ਚਲਾਈਆਂ । ਫਲਸਰੂਪ , 13 ਸਿੰਘ ਸ਼ਹੀਦ ਹੋ ਗਏ ਅਤੇ 78 ਜ਼ਖ਼ਮੀ ਹੋ ਗਏ । ਸੰਤਮ ਜਰਨੈਲ ਸਿੰਘ ਨੇ ਪੰਜਾਬ ਸਰਕਾਰ ਪ੍ਰਤਿ ਬਹੁਤ ਰੋਸ ਪ੍ਰਗਟ ਕੀਤਾ । ਨਿਰੰਕਾਰੀਆਂ ਦੇ 64 ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਕਰਨਾਲ ਦੇ ਸੈਸ਼ਨ ਜੱਜ ਦੀ ਕਚਹਿਰੀ ਵਿਚ ਚਲਿਆ । 4 ਜਨਵਰੀ 1980 ਈ. ਨੂੰ ਸਭ ਨੂੰ ਬਰੀ ਕਰ ਦਿੱਤਾ ਗਿਆ । ਇਸ ਨਾਲ ਸਿੱਖਾਂ ਦੇ ਮਨ ਵਿਚ ਤਨਾਓ ਵਧ ਗਿਆ । ਕੇਂਦਰ ਵਿਚ ਨਵੀਂ ਬਣੀ ਕਾਂਗ੍ਰਸ ਸਰਕਾਰ ਨੇ ਪੰਜਾਬ ਵਿਚ ਅਕਾਲੀ ਸਰਕਾਰ ਤੋੜ ਦਿੱਤੀ । ਪੰਜਾਬ ਦੀ ਨਵੀਂ ਚੋਣ ਵਿਚ ਸੱਤਾ ਕਾਂਗ੍ਰਸ ਦੇ ਹੱਥ ਆ ਗਈ ।
9 ਸਤੰਬਰ 1981 ਈ. ਵਿਚ ਲਾਲਾ ਜਗਤ ਨਾਰਾਇਨ ਦਾ ਕਤਲ ਹੋ ਗਿਆ । ਪੰਜਾਬ ਸਰਕਾਰ ਨੇ ਇਸ ਕਤਲ ਵਿਚ ਸੰਤ ਜਰਨੈਲ ਸਿੰਘ ਦਾ ਹੱਥ ਸਮਝ ਕੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਰੰਟ ਜਾਰੀ ਕਰ ਦਿੱਤੇ । ਸੰਤ ਹੋਰੀ ਉਸ ਵੇਲੇ ਧਰਮ-ਪ੍ਰਚਾਰ ਲਈ ਹਿਸਾਰ ਜ਼ਿਲ੍ਹੇ ਦੇ ਚੰਦੋ ਕਲਾਂ ਪਿੰਡ ਵਿਚ ਠਹਿਰੇ ਹੋਏ ਸਨ । ਇਨ੍ਹਾਂ ਨੂੰ ਪੰਜਾਬ ਅਤੇ ਹਰਿਆਣੇ ਦੀ ਪੁਲਿਸ ਨੇ ਪਕੜਨ ਦਾ ਯਤਨ ਕੀਤਾ , ਪਰ ਇਹ ਗੁਪਤ ਢੰਗ ਨਾਲ ਚੌਕ ਮਹਿਤਾ ਪਹੁੰਚ ਗਏ । ਪੁਲਿਸ ਨੇ ਇਨ੍ਹਾਂ ਦੇ ਜੱਥੇ ਉਤੇ ਗੋਲੀ ਚਲਾਈ ਅਤੇ ਸਾਮਾਨ ਨੂੰ ਲੁਟਿਆ ਅਤੇ ਸਾੜਿਆ । 20 ਸਤੰਬਰ 1981 ਈ. ਨੂੰ ਸੰਤ ਭਿੰਡਰਾਵਾਲੇ ਨੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ । ਇਸ ਦੇ ਪ੍ਰਤਿਕਰਮ ਵਜੋਂ ਕਈ ਹਿੰਸਕ ਘਟਨਾਵਾਂ ਹੋਈਆਂ । ਗ੍ਰਿਹ ਮੰਤਰੀ ਗਿਆਨੀ ਜ਼ੈਲ ਸਿੰਘ ਨੇ 14 ਅਕਤੂਬਰ 1981 ਈ. ਨੂੰ ਲੋਕ ਸਭਾ ਵਿਚ ਸੰਤ ਭਿੰਡਰਾਵਲੇ ਨੂੰ ਨਿਰਦੋਸ਼ ਠਹਿਰਾ ਕੇ ਇਨ੍ਹਾਂ ਦੀ ਰਿਹਾਈ ਦੀ ਘੋਸ਼ਣਾ ਕਰ ਦਿੱਤੀ । ਇਸ ਰਿਹਾਈ ਨਾਲ ਸੰਤ ਭਿੰਡਰਾਂਵਾਲਿਆਂ ਦੀ ਮਾਨਤਾ ਵਧ ਗਈ ।
ਨੌਜਵਾਨ ਸਿੱਖ ਵਰਗ ਇਨ੍ਹਾਂ ਦੀ ਅਗਵਾਈ ਵਿਚ ਕੌਮ ਦਾ ਉਜਲਾ ਭਵਿਸ਼ ਵੇਖਣ ਲਗ ਗਿਆ । ਸੰਤ ਹੋਰਾਂ ਨੇ ਸਰਕਾਰ ਦੇ ਵਿਰੁੱਧ ਖੁਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ । 20 ਅਪ੍ਰੈਲ 1982 ਈ. ਵਿਚ ਜਦੋਂ ਧਰਮ ਪ੍ਰਚਾਰ ਲਈ ਸੰਤ ਭਿੰਡਰਾਂਵਾਲੇ ਬੰਬਈ ਵਿਚ ਦਾਦਰ ਦੇ ਸਿੰਘ ਸਭਾ ਗੁਰਦੁਆਰੇ ਵਿਚ ਠਹਿਰੇ ਹੋਏ ਸਨ , ਤਾਂ ਉਦੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ , ਪਰ ਉਥੋਂ ਵੀ ਇਹ ਚੁਪ-ਚੁਪਾਤੇ ਚੌਕ ਮਹਿਤਾ ਪਹੁੰਚ ਗਏ । 19 ਜੁਲਾਈ 1982 ਈ. ਨੂੰ ਸਰਬ ਹਿੰਦ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੂੰ ਪਕੜ ਲਿਆ ਗਿਆ ਅਤੇ ਅਗਲੇ ਦਿਨ ਦਮਦਮੀ ਟਕਸਾਲ ਦੇ ਪ੍ਰਮੁਖ ਸੰਯੋਜਕ ਭਾਈ ਠਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਸੰਤ ਹੋਰਾਂ ਨੇ ਚੌਕ ਮਹਿਤਾ ਨੂੰ ਅਸੁਰਖਿਅਤ ਸਮਝ ਕੇ 20 ਜੁਲਾਈ ਨੂੰ ਦਰਬਾਰ ਸਾਹਿਬ ਦੇ ਪਰਿਸਰ ਵਿਚ ਗੁਰੂ ਨਾਨਕ ਨਿਵਾਸ ਅੰਦਰ ਵਾਸ ਕਰ ਲਿਆ ਅਤੇ 25 ਜੁਲਾਈ ਨੂੰ ਆਪਣੇ ਬੰਦਿਆਂ ਦੀ ਰਿਹਾਈ ਲਈ ਮੋਰਚੇ ਦੀ ਘੋਸ਼ਣਾ ਕਰ ਦਿੱਤੀ ।
ਸਤਲੁਜ ਯਮਨਾ ਲਿੰਕ ਨਹਿਰ ਸੰਬੰਧੀ ਅਕਾਲੀਆਂ ਵਲੋਂ ਲਗਾਏ ਧਰਮ-ਯੁੱਧ ਮੋਰਚੇ ਵਿਚ ਸਫਲਤਾ ਨਜ਼ਰ ਆਉਂਦੀ ਨ ਵੇਖ ਕੇ ਉਨ੍ਹਾਂ ਨੇ ਸੰਤ ਭਿੰਡਰਾਂਵਾਲੇ ਮੋਰਚੇ ਨਾਲ ਸਾਂਝ ਪਾ ਲਈ । ਇਸ ਤਰ੍ਹਾਂ ਸੰਤ ਹੋਰੀ ਸਮੁੱਚੇ ਪੰਥ ਦੇ ਨੇਤਾ ਬਣ ਗਏ । ਨਵੰਬਰ 1982 ਈ. ਵਿਚ ਦਿੱਲੀ ਵਿਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਹਰਿਆਣਾ ਪੁਲਿਸ ਵਲੋਂ ਜਰਨੈਲੀ ਸੜਕ ਉਤੇ ਕੀਤੇ ਸਿੱਖ ਯਾਤ੍ਰੀਆਂ ਨਾਲ ਦੁਰ- ਵਿਵਹਾਰ ਨੇ ਪੰਜਾਬ ਦਾ ਮਾਹੌਲ ਹੋਰ ਖ਼ਰਾਬ ਕਰ ਦਿੱਤਾ । ਸਰਕਾਰ ਵਲੋਂ ਫ਼ੌਜੀ ਕਾਰਵਾਈ ਕਰਨ ਦੀ ਭਿਣਕ ਜਦੋਂ ਸੰਤ ਹੋਰਾਂ ਨੂੰ ਪਈ , ਤਾਂ 15 ਦਸੰਬਰ 1983 ਈ. ਨੂੰ ਇਹ ਆਪਣੇ ਬੰਦਿਆਂ ਸਹਿਤ ਅਕਾਲ ਤਖ਼ਤ ਵਿਚ ਦਾਖ਼ਲ ਹੋ ਗਏ । ਮੇਜਰ ਜਨਰਲ ਸ਼ਾਹਬੇਗ ਸਿੰਘ ਦੀ ਜੁਗਤ ਨਾਲ ਬਚਾਓ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਅਤੇ ਹਥਿਆਰਾਂ ਨੂੰ ਇਕੱਠਾ ਕੀਤਾ ਜਾਣ ਲਗਾ । 6 ਅਕਤੂਬਰ 1983 ਈ. ਨੂੰ ਪੰਜਾਬ ਵਿਚ ਰਾਸ਼ਟਰਪਤੀ ਸਾਸ਼ਨ ਘੋਸ਼ਿਤ ਕੀਤਾ ਗਿਆ । ਮਈ 1984 ਈ. ਦੇ ਅੰਤ ਤਕ ਪੰਜਾਬ ਵਿਚ 6 ਡਵਿਯਨ ਫ਼ੌਜ ਵਿਸ਼ੇਸ਼ ਰੂਪ ਵਿਚ ਤਾਇਨਾਤ ਕਰ ਦਿੱਤੀ ਗਈ ਅਤੇ ਕਮਾਂਡੋ ਦਸਤੇ ਅੰਮ੍ਰਿਤਸਰ ਪਹੁੰਚ ਗਏ । 3 ਜੂਨ 1984 ਈ. ਨੂੰ ਸੰਗਤਾਂ ਦਰਬਾਰ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੰਨਾਉਣ ਲਈ ਇਕੱਠੀਆਂ ਹੋ ਰਹੀਆਂ ਸਨ । ਉਦੋਂ ਸਰਕਾਰ ਨੇ ਅੰਮ੍ਰਿਤਸਰ ਅਤੇ ਨੇੜੇ ਲਗਦੇ ਜ਼ਿਲ੍ਹਿਆਂ ਵਿਚ ਕਰਫਿਊ ਲਗਾ ਦਿੱਤਾ । 5-6 ਜੂਨ 1984 ਈ. ਦੀ ਰਾਤ ਨੂੰ ਬਲੂ ਸਟਾਰ ਓਪਰੇਸ਼ਨ ਹੋਇਆ ਜਿਸ ਵਿਚ ਫ਼ੌਜ ਵਲੋਂ ਟੈਂਕਾਂ ਅਤੇ ਤੋਪਾਂ ਦੀ ਵਰਤੋਂ ਕੀਤੀ ਗਈ । ਬੇਸ਼ੁਮਾਰ ਸਿੱਖ ਮਾਰੇ ਗਏ । ਤੋਪਾਂ ਨਾਲ ਬਰਬਾਦ ਹੋਏ ਅਕਾਲ ਤਖ਼ਤ ਵਿਚੋਂ 7 ਜੂਨ 1984 ਈ. ਨੂੰ ਸੰਤ ਭਿੰਡਰਾਂਵਾਲੇ ਦੀ ਲਾਸ਼ ਬਰਾਮਦ ਹੋਈ । ਇਸ ਤਰ੍ਹਾਂ ਸਿੱਖ ਧਰਮ ਦੇ ਗੌਰਵ ਨੂੰ ਕਾਇਮ ਰਖਣ ਦੇ ਚਾਹਵਾਨ ਸੰਤ ਹੋਰਾਂ ਦਾ ਅੰਤ ਹੋ ਗਿਆ ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …