ਜਿਵੇਂ ਦੁਨੀਆਂ ਦੇ ਸਭ ਪ੍ਰਾਣੀ ਆਪਣੀ ਨਸਲ ਮੁਤਾਬਿਕ ਇਕੋ ਢੰਗ ਨਾਲ ਜਨਮ ਲੈਂਦੇ ਹਨ ਉਵੇਂ ਹੀ ਦੁਨੀਆਂ ਦੇ ਸਭ ਇਨਸਾਨ ਵੀ ਇਕੋ ਢੰਗ ਨਾਲ ਹੀ ਜਨਮ ਲੈਂਦੇ ਹਨ ਭਾਵ ਮਾਤਾ ਦੇ ਗਰਭ ਵਿਚੋਂ ਪੈਦਾ ਹੁੰਦੇ ਹਨ। ਜਨਮ ਲੈਣ ਲਈ ਕਿਸੇ ਮਨੁੱਖ ਲਈ ਕੋਈ ਵੱਖਰਾ ਢੰਗ, ਵਰਤਾਰਾ ਜਾਂ ਹਿਸਾਬ ਨਹੀਂ। ਇੱਥੇ ਅਮੀਰ-ਗਰੀਬ ਜਾਂ ਉੱਚੀ ਨੀਵੀਂ ਜਾਤ ਦਾ ਕੋਈ ਫਰਕ ਨਹੀਂ ਹੁੰਦਾ। ਇਸ ਦੁਨੀਆਂ ਤੇ ਸਭ ਦਾ ਦਾਖਲਾ ਇਕੋ ਢੰਗ ਨਾਲ ਹੁੰਦਾ ਹੈ ਦੁਨੀਆਵੀ ਚੀਜ਼ਾ ਸਾਨੂੰ ਜਨਮ ਤੋਂ ਬਾਅਦ ਮਿਲਦੀਆਂ ਹਨ। ਜਨਮ ਤੋਂ ਬਾਅਦ ਮਨੁਖ ਦਾ ਪਾਲਣ ਪੋਸਣ ਵੱਖਰੇ ਵੱਖਰੇ ਢੰਗ ਨਾਲ ਹੁੰਦਾ ਹੈ। ਕੋਈ ਸੋਨੇ ਦੇ ਭੰਗੂੜੇ ਝੂਟਦਾ ਹੈ ਅਤੇ ਕੋਈ ਸੜਕਾਂ ’ਤੇ ਰੁਲ ਕੇ ਵੱਡਾ ਹੁੰਦਾ ਹੈ। ਉੱਚੀ ਜਾਤ ਵਾਲਿਆਂ ਦਾ ਹੰਕਾਰ ਤੋੜਨ ਲਈ ਭਗਤ ਕਬੀਰ ਜੀ ਲਿਖਦੇ ਹਨ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀ ਆਇਆ॥੨
ਭਾਵ ਜੇ ਤੇਰੇ ਵਿਚ ਕੋਈ ਵਿਸ਼ੇਸ਼ ਗਲ ਹੈ ਜਿਸ ਕਰ ਕੇ ਤੂੰ ਉੱਚੀ ਜਾਤ ਦਾ ਹੈਂ ਤਾਂ ਤੂੰ ਕਿਸੇ ਹੋਰ ਢੰਗ ਨਾਲ ਦੁਨੀਆਂ ਤੇ ਕਿਉਂ ਨਹੀਂ ਆਇਆ?ਜਿਸ ਤਰ੍ਹਾਂ ਸਭ ਮਨੁਖਾਂ ਦਾ ਦਾਖਲਾ ਇਕੋ ਢੰਗ ਨਾਲ ਹੁੰਦਾ ਹੈ ਉਸੇ ਤਰ੍ਹਾਂ ਸਭ ਮਨੁੱਖ ਇਸ ਧਰਤੀ ਤੋਂ ਰੁਖਸਤ ਵੀ ਇਕੋ ਢੰਗ ਨਾਲ ਭਾਵ ਮੌਤ ਨਾਲ ਹੁੰਦੇ ਹਨ। ਸਭ ਦਾ ਸਰੀਰ ਇੱਥੇ ਹੀ ਰਹਿ ਜਾਣਾ ਹੈ। ਇੱਥੋਂ ਸਰੀਰ ਸਮੇਤ ਕੋਈ ਰੁਖਸਤ ਨਹੀਂ ਹੁੰਦਾ। ਕੋਈ ਮਨੁੱਖ ਅਮਰ ਨਹੀਂ। ਅਸੀਂ ਤਦ ਤੱਕ ਜਿੰਦਾ ਰਹਿੰਦੇ ਹਾਂ ਜਦ ਤੱਕ ਸਾਡੇ ਅੰਦਰ ਦਿਲ ਧੜਕਦਾ ਹੈ ਭਾਵ ਸਾਹ ਆਉਂਦਾ ਹੈ ਅਤੇ ਸਰੀਰ ਵਿਚ ਖੂਨ ਦਾ ਸੰਚਾਰ ਹੁੰਦਾ ਹੈ। ਜਦ ਸਾਡਾ ਦਿਲ ਧੜਕਣਾ ਬੰਦ ਹੋ ਜਾਵੇ ਤਾਂ ਅਸੀਂ ਸਾਹ ਲੈਣਾ ਬੰਦ ਕਰ ਦਿੰਦੇ ਹਾਂ। ਡਾਕਟਰ ਸਾਡੀ ਨਬਜ਼ ਅਤੇ ਦਿਲ ਦੀ ਧੜਕਨ ਦੇਖ ਕੇ ਸਾਨੂੰ ਮੁਰਦਾ ਘੋਸ਼ਿਤ ਕਰ ਦਿੰਦੇ ਹਨ। ਫਿਰ ਕਿਹਾ ਜਾਂਦਾ ਹੈ ਕਿ ਬੰਦਾ ਮਰ ਗਿਆ।ਇਸ ਬੰਦੇ ਦੀ ਜ਼ਿੰਦਗੀ ਜਿਤਨੀ ਪ੍ਰਮਾਤਮਾ ਨੇ ਲਿਖੀ ਸੀ, ਉਹ ਪੂਰੀ ਹੋ ਗਈ। ਉਸਦੇ ਜਿਤਨੇ ਸਵਾਸ ਲਿਖੇ ਸਨ, ਉਹ ਪੂਰੇ ਹੋ ਗਏ ਭਾਵ ਉਸਨੇ ਆਪਣੀ ਜ਼ਿਦੰਗੀ ਪੂਰੀ ਜੀਅ ਲਈ। ਹੁਣ ਉਸਦਾ ਹੱਸਦੇ ਵੱਸਦੇ ਸੰਸਾਰ ਨਾਲ ਕੋਈ ਵਾਸਤਾ ਨਹੀਂ ਰਿਹਾ। ਇਸ ਲਈ ਉਸ ਦਾ ਅਤਿਮ ਸੰਸਕਾਰ ਕਰ ਕੇ ਉਸ ਨੂੰ ਸਦਾ ਲਈ ਅਲਵਿਦਾ ਕਹਿ ਦਿੱਤੀ ਜਾਂਦੀ ਹੈ।ਇਸ ਦਾ ਸਿੱਟਾ ਇਹ ਨਿਕਲਿਆ ਕਿ ਮਨੁੱਖ ਜਨਮ ਲੈਣ ਨਾਲ ਦੁਨੀਆਂ ਵਿਚ ਦਾਖਲ ਹੁੰਦਾ ਹੈ ਅਤੇ ਮੌਤ ਨਾਲ ਇੱਥੋਂ ਰੁਖਸਤ ਹੁੰਦਾ ਹੈ।
ਕੇਵਲ ਜਨਮ ਅਤੇ ਮਰਨ ਦੀ ਗੱਲ ਕਰ ਕੇ ਗੱਲ ਮੁਕਦੀ ਨਹੀਂ। ਸਿਆਣੇ ਬੰਦੇ ਕਹਿੰਦੇ ਹਨ ਕਿ ਜ਼ਿੰਦਗੀ ਇਕ ਕਿਤਾਬ ਦੀ ਤਰ੍ਹਾਂ ਹੈ ਜਿਸ ਦੇ ਦੋ ਪੰਨੇ ਪ੍ਰਮਾਤਮਾ ਨੇ ਪਹਿਲਾਂ ਹੀ ਲਿਖ ਦਿੱਤੇ ਹਨ। ਪਹਿਲਾ ਪੰਨਾ ਜਨਮ ਦਾ ਅਤੇ ਆਖਰੀ ਪੰਨਾ ਮੌਤ ਦਾ। ਜ਼ਿੰਦਗੀ ਦੀ ਪੁਸਤਕ ਦੇ ਬਾਕੀ ਪੰਨੇ, ਭਾਵ ਜਨਮ ਤੋਂ ਮੌਤ ਵਿਚਲੇ ਪੰਨੇ ਜਿਨ੍ਹਾਂ ਨੂੰ “ਜ਼ਿੰਦਗੀ ਦਾ ਸਫਰ” ਕਿਹਾ ਜਾਂਦਾ ਹੈ (ਇਸ ਬਾਰੇ ਮੇਰੀ ਪੁਸਤਕ “ਹੌਸਲੇ ਬੁਲੰਦ ਰੱਖੋ” ਦੇ ਲੇਖ “ਜ਼ਿੰਦਗੀ ਦਾ ਸਫ਼ਰ” ਵਿਚ ਵਿਸਥਾਰ ਨਾਲ ਦਿੱਤਾ ਗਿਆ ਹੈ), ਉਹ ਅਸੀਂ ਆਪ ਲਿਖਣੇ ਹਨ।
ਮਨੁੱਖ ਦੀ ਮੌਤ ਦੇ ਕਾਰਨ ਅਲੱਗ ਅਲੱਗ ਹੋ ਸਕਦੇ ਹਨ। ਕੋਈ ਬੰਦਾ ਹਾਰਟ ਅਟੈਕ, ਕੈਂਸਰ ਜਾਂ ਕਿਸੇ ਹੋਰ ਬਿਮਾਰੀ ਨਾਲ ਮਰ ਗਿਆ, ਕੋਈ ਕਿਸੇ ਦੁਰਘਨਾ ਨਾਲ ਮਰ ਗਿਆ, ਕੋਈ ਜੰਗ ਵਿਚ ਦੁਸ਼ਮਣ ਦੀ ਗੋਲੀ ਨਾਲ ਮਰ ਗਿਆ। ਤੁਫਾਨ, ਸੁਨਾਮੀਆਂ, ਭੁਚਾਲ ਸੋਕੇ ਅਤੇ ਦਗਿਆਂ ਕਾਰਨ ਵੀ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਕਈ ਲੋਕ ਖੁਦਕੁਸ਼ੀ ਕਰ ਲੈਂਦੇ ਹਨ। ਕਈ ਲੋਕ ਈਰਖਾ ਵੱਸ ਦੂਸਰੇ ਦੀ ਜਾਨ ਲੈ ਲੈਂਦੇ ਹਨ। ਭਾਵ ਕਾਰਨ ਕੋਈ ਵੀ ਹੋਵੇ, ਮੌਤ ਦਾ ਤਾਂ ਬਹਾਨਾ ਹੀ ਬਣਨਾ ਹੁੰਦਾ ਹੈ। ਇਸ ਬਹਾਨੇ ਨਾਲ ਮਨੁੱਖ ਦਾ ਦਿਲ ਧੜਕਣਾ ਬੰਦ ਹੋ ਜਾਂਦਾ ਹੈ। ਉਸ ਦੇ ਸਰੀਰ ਵਿਚੋਂ ਪ੍ਰਾਨ- ਪੰਖੇਰੂ ਉੱਡ ਗਏ। ਬਸ ਉਹ ਮਰ ਗਿਆ। ਸਭ ਖਤਮ।
ਅੰਗ੍ਰੇਜ਼ੀ ਵਿਚ ਕਹਿੰਦੇ ਹਨ “ਠਹੲ ਦੲੳਟਹ ਸਿ ਟਹੲ ਲੲਵੲਲੲਰ” ਭਾਵ ਮੌਤ ਸਭ ਨੂੰ ਇਕ ਬਰਾਬਰ ਕਰ ਦਿੰਦੀ ਹੈ। ਮੌਤ ਅਮੀਰ-ਗਰੀਬ, ਉੱਚੇ-ਨੀਵੇਂ ਅਤੇ ਔਰਤ-ਮਰਦ ਦੇ ਭੇਦ ਨੂੰ ਮਿਟਾ ਦਿੰਦੀ ਹੈ। ਮੁਰਦਾ ਸਰੀਰ ਦਾ ਉਸ ਦੇ ਮਜ਼੍ਹਬ ਮੁਤਾਬਿਕ ਅਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਕਈ ਸਸਕਾਰ ਕਰ ਦਿੰਦੇ ਹਨ, ਕਈ ਕਬਰ ਵਿਚ ਦਫਨਾ ਦਿੰਦੇ ਹਨ ਅਤੇ ਕਈ ਜਲ ਪ੍ਰਵਾਹ ਕਰ ਦਿੰਦੇ ਹਨ।
ਕਈ ਲੋਕ ਸੋਚਦੇ ਹਨ ਜੇ ਰੱਬ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤਾਂ ਨਾਲ ਮੌਤ ਦੀ ਕੀ ਲੋੜ ਸੀ? ਸਾਨੂੰ ਇਸ ਧਰਤੀ ਤੇ ਹਮੇਸ਼ਾਂ ਲਈ ਜ਼ਿੰਦਾ ਰਹਿਣ ਦਿੰਦਾ ਤਾਂ ਕੀ ਹਰਜ਼ ਸੀ? ਜੇ ਸਾਡੇ ਵੱਡੇ ਵਡੇਰੇ ਨਾ ਮਰਦੇ ਤਾਂ ਘਰ ਦੀ ਫੌਜ ਹੁੰਦੀ। ਪਰ ਕਿਸੇ ਪ੍ਰਾਣੀ ਲਈ ਜਨਮ ਲੈਣਾ ਜਿੰਨਾ ਜ਼ਰੂਰੀ ਹੈ ਉਤਨੀ ਮੌਤ ਵੀ ਜ਼ਰੂਰੀ ਹੈ। ਕਈ ਵਾਰੀ ਤਾਂ ਮਨੁੱਖ ਕਿਸੇ ਬਿਮਾਰੀ ਜਾਂ ਕਿਸੇ ਹੋਰ ਦੁੱਖ ਕਾਰਨ ਇਤਨਾ ਕਸ਼ਟ ਪਾਉਂਦਾ ਹੈ ਕਿ ਆਪਣਾ ਨਿੱਤ ਦਾ ਕਰਮ ਵੀ ਆਪ ਨਹੀਂ ਕਰ ਸਕਦਾ। ਦੂਸਰੇ ਦਾ ਮੁਥਾਜ ਹੋ ਕੇ ਰਹਿ ਜਾਂਦਾ ਹੈ। ਉਹ ਰੱਬ ਕੋਲੋਂ ਮੌਤ ਲਈ ਤਰਲੇ ਕਰਦਾ ਹੈ ਪਰ ਮੌਤ ਨਹੀਂ ਮਿਲਦੀ। ਉਸ ਦੇ ਘਰ ਵਾਲਿਆਂ ਤੋਂ ਵੀ ਉਸ ਦਾ ਦੁੱਖ ਨਹੀਂ ਦੇਖਿਆ ਜਾਂਦਾ। ਅੰਤ ਉਹ ਵੀ ਮਜ਼ਬੂਰ ਹੋ ਕੇ ਅਰਦਾਸ ਕਰਦੇ ਹਨ ਕਿ ਰੱਬਾ ਹੁਣ ਇਸ ਨੂੰ ਸੰਭਾਲ ਲੈ। ਜਦ ਦਰਦ ਹੱਦ ਤੋਂ ਜ਼ਿਆਦਾ ਵਧ ਜਾਂਦਾ ਹੈ ਮੌਤ ਸਭ ਕੁਝ ਖਤਮ ਕਰ ਦਿੰਦੀ ਹੈ। ਇਸੇ ਲਈ ਕਹਿੰਦੇ ਹਨ ਕਿ ਮੌਤ ਸਭ ਦੁੱਖਾਂ ਦੀ ਦਾਰੂ ਹੈ।
ਜੀਵ ਲਈ ਮੌਤ ਉਤਨੀ ਹੀ ਜ਼ਰੂਰੀ ਹੈ ਜਿਤਨੀ ਜ਼ਿੰਦਗੀ। ਵੈਸੇ ਵੀ ਬੁਢਾਪੇ ਵਿਚ ਸਰੀਰ ਦੇ ਸਾਰੇ ਅੰਗ ਨਿਰਬਲ ਹੋ ਜਾਂਦੇ ਹਨ। ਇਨਸਾਨ ਨੂੰ ਬਿਮਾਰੀਆਂ ਅਤੇ ਚਿੰਤਾਵਾਂ ਘੇਰ ਲੈਂਦੀਆਂ ਹਨ। ਇਸ ਲਈ ਮੌਤ ਉਸ ਦੁਖੀ ਇਨਸਾਨ ਨੂੰ ਆਪਣੀ ਬੁੱਕਲ ਵਿਚ ਲੈ ਕੇ ਸਦਾ ਦੀ ਨੀਂਦ ਸਵਾ ਦਿੰਦੀ ਹੈ ਅਤੇ ਉਸ ਦੇ ਦੁੱਖ ਦੂਰ ਕਰ ਦਿੰਦੀ।ਕਿਸੇ ਪੇੜ ਦੀਆਂ ਨਵੀਂਆਂ ਕਰੂੰਬਲਾਂ ਦੇ ਫੁੱਟਣ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੇ ਸੁੱਕੇ ਅਤੇ ਪੀਲੇ ਪੱਤੇ ਝੜ ਜਾਣ। ਨਵੀਆਂ ਕਰੂੰਬਲਾਂ ਦੇ ਫੁੱਟਣ ਨਾਲ ਪੇੜ ਤੇ ਫਿਰ ਤੋਂ ਹਰਿਆਲੀ ਆਉਂਦੀ ਹੈ। ਕੁਦਰਤ ਦੀ ਸੁੰਦਰਤਾ ਵਿਚ ਵਾਧਾ ਹੁੰਦਾ ਹੈ। ਸਭ ਦਾ ਮਨ ਖਿੜ ਉਠਦਾ ਹੈ। ਇਸੇ ਤਰ੍ਹਾਂ ਪ੍ਰਾਣੀਆਂ ਦਾ ਇਸ ਧਰਤੀ ਤੋਂ ਰੁਖਸਤ ਹੋਣਾ ਅਤੇ ਨਵੇਂ ਪ੍ਰਾਣੀਆਂ ਦਾ ਆਗਮਨ ਕੁਦਰਤ ਦਾ ਨਿਯਮ ਹੈ। ਇੰਜ ਹੀ ਕੁਦਰਤ ਦੀ ਸੁੰਦਰਤਾ ਕਾਇਮ ਰਹਿੰਦੀ ਹੈ।ਇਹ ਆਵਾਗਵਣ ਦਾ ਚੱਕਰ ਕੁਦਰਤੀ ਨਿਜ਼ਾਮ ਹੈ।
ਮੌਤ ਅਤੇ ਜਨਮ ਦਾ ਗਹਿਰਾ ਸਬੰਧ ਹੈ। ਜਦ ਮਨੁੱਖ ਦਾ ਜਨਮ ਹੁੰਦਾ ਹੈ ਤਾਂ ਅਸੀਂ ਸਮਝਦੇ ਹਾਂ ਕਿ ਇਸ ਦੇ ਜਨਮ ਅਤੇ ਮੌਤ ਵਿਚ ਕਾਫੀ ਫਾਸਲਾ ਹੈ। ਮਨੁੱਖ ਦੀ ਅੋਸਤ ਉਮਰ 70 ਸਾਲ ਦੀ ਹੈ। ਇਸ ਲਈ ਉਸ ਨੂੰ ਹਾਲੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਪਰ ਕੁਦਰਤ ਦੇ ਰੰਗ ਨਿਆਰੇ ਹਨ। ਉਹ ਉਮਰ ਨਹੀਂ ਦੇਖਦੀ। ਮੌਤ ਕਿਸੇ ਸਮੇਂ ਵੀ ਆ ਸਕਦੀ ਹੈ। ਇਸ ਲਈ ਰੱਬ ਨੂੰ ਅਤੇ ਮੌਤ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਸਦਾ ਚੰਗੇ ਕੰਮ ਕਰੋਗੇ। ਤੁਸੀਂ ਕਿਸੇ ਦਾ ਦਿਲ ਨਹੀਂ ਦੁਖਾਉਗੇ। ਤੁਸੀਂ ਦੂਸਰੇ ਦੀਆਂ ਛੋਟੀਆਂ ਛੋਟੀਆਂ ਜ਼ਿਆਦਤੀਆਂ ਨੂੰ ਨਜ਼ਰ ਅੰਦਾਜ਼ ਕਰ ਦਿਉਗੇ। ਤੁਹਾਡੇ ਵਿਚ ਹੰਕਾਰ ਨਹੀਂ ਆਵੇਗਾ।ਤੁਸੀਂ ਨਿਮਰ ਰਹੋਗੇ। ਜੇ ਕਿਸੇ ਵਿਅਕਤੀ ਤੋਂ ਵਿਛੜੋ ਤਾਂ ਮਨ ਵਿਚ ਸੋਚੋ ਕਿ ਤੁਸੀਂ ਉਸ ਨੂੰ ਆਖਰੀ ਵਾਰ ਮਿਲ ਰਹੇ ਹੋ।ਇਸ ਤੋਂ ਬਾਅਦ ਸ਼ਾਇਦ ਤੁਸੀਂ ਰਹੋ ਜਾਂ ਨਾ ਰਹੋ। ਉਸ ਤੇ ਤੁਹਾਡਾ ਪ੍ਰਭਾਵ ਹਮੇਸ਼ਾਂ ਭੱਦਰ ਪੁਰਸ਼ ਵਾਲਾ, ਸਹਿਯੋਗੀ, ਨਿਮਰ ਅਤੇ ਸਿਆਣੇ ਬੰਦੇ ਦਾ ਪਵੇਗਾ।
ਮੌਤ ਇਕ ਅਟੱਲ ਸਚਿਆਈ ਹੈ। ਸਭ ਨੇ ਇਕ ਦਿਨ ਮਰਨਾ ਹੈ। ਇਸੇ ਲਈ ਕਹਿੰਦੇ ਹਨ ਜਿਉਣਾ ਝੂਠ ਅਤੇ ਮਰਨਾ ਸੱਚ। ਅਸੀਂ ਕਿਤਨੇ ਦਿਨ ਹੋਰ ਜਿਉਣਾ ਹੈ? ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਮਨੁੱਖ ਆਪਣੇ ਭਵਿੱਖ ਬਾਰੇ ਕੁਝ ਵੀ ਕਿਆਸ ਨਹੀਂ ਲਗਾ ਸਕਦਾ ਪਰ ਇਕ ਦਿਨ ਅਸੀਂ ਮਰਨਾ ਜ਼ਰੂਰ ਹੈ, ਇਹ ਗੱਲ ਪੱਕੀ ਹੈ। ਇਥੇ ਕੋਈ ਜੀਵ ਹਮੇਸ਼ਾਂ ਲਈ ਜਿਉਂਦਾ ਨਹੀਂ ਰਹਿ ਸਕਦਾ। ਬੱਚੇ ਦੇ ਜਨਮ ਸਮੇਂ ਹੀ ਉਸ ਦੀ ਮੌਤ ਦਾ ਸਮਾਂ ਲਿਖਿਆ ਜਾ ਚੁੱਕਾ ਹੁੰਦਾ ਹੈ। ਗੁਰੁ ਤੇਗ ਬਹਾਦੁਰ ਸਾਹਿਬ ਜੀ ਆਪਣੀ ਬਾਣੀ ਵਿਚ ਲਿਖਦੇ ਹਨ:
“ਭਾਵ ਰਾਮ ਅਤੇ ਰਾਵਣ ਜਿਨ੍ਹਾਂ ਦੇ ਵੱਡੇ ਵੱਡੇ ਪਰਿਵਾਰ ਸਨ ਸਾਰੇ ਇਸ ਦੁਨੀਆਂ ਤੋਂ ਕੂਚ ਕਰ ਗਏ।ਇਥੇ ਕੋਈ ਵੀ ਚੀਜ ਸਦਾ ਲਈ ਟਿਕਣ ਵਾਲੀ ਨਹੀਂ। ਇਹ ਸੰਸਾਰ ਤਾਂ ਇਕ ਸੁਪਨੇ ਦੀ ਤਰ੍ਹਾਂ ਹੈ”। ਅਸੀ ਸੋਚਦੇ ਹਾਂ ਅਸੀਂ ਕਦੀ ਨਹੀਂ ਮਰਨਾ। ਅਸੀਂ ਸਦਾ ਜਿਉਂਦੇ ਰਹਿਣਾ ਹੈ ਇਸ ਲਈ ਦੌਲਤ ਦੇ ਢੇਰ ਇਕੱਠੇ ਕਰ ਲਈਏ। ਉਹ ਸਾਡੇ ਅਤੇ ਸਾਡੇ ਬਾਲ ਬੱਚਿਆਂ ਦੇ ਆਉਣ ਵਾਲੇ ਸਮੇਂ ਵਿਚ ਕੰਮ ਆਉਣਗੇ।ਸਾਡੇ ਦੇਖਦੇ ਹੀ ਦੇਖਦੇ ਸਾਡੇ ਮਾਤਾ ਪਿਤਾ ਅਤੇ ਕਈ ਮਿੱਤਰ ਪਿਆਰੇ ਸਾਡੇ ਤੋਂ ਵਿੱਛੜ ਗਏ ਭਾਵ ਪ੍ਰਲੋਕ ਸਿਧਾਰ ਗਏ ਪਰ ਸਾਡੀ ਫਿਰ ਵੀ ਤਸੱਲੀ ਨਹੀਂ ਹੋਈ।
ਅਸੀਂ ਕਦੀ ਨਹੀਂ ਸੋਚਦੇ ਕਿ ਇਹ ਮਾਇਆ ਦੇ ਢੇਰ ਤਾਂ ਇਥੇ ਹੀ ਰਹਿ ਜਾਣੇ ਹਨ। ਹੋਰ ਤਾਂ ਹੋਰ ਇਹ ਦੋਲਤ ਸਾਡੀ ਜ਼ਿੰਦਗੀ ਦਾ ਇਕ ਪਲ ਵੀ ਨਹੀਂ ਵਧਾ ਸਕਦੀ। ਇਸੇ ਲਈ ਕਹਿੰਦੇ ਹਨ ਕਿ ਕਫ਼ਨ ਨੂੰ ਕੋਈ ਜੇਬ ਨਹੀਂ ਹੁੰਦੀ ਅਤੇ ਕਬਰ ਵਿਚ ਕੋਈ ਅਲਮਾਰੀ ਨਹੀਂ ਹੁੰਦੀ ਕਿਉਂਕਿ ਮੌਤ ਦੇ ਫਰਿਸ਼ਤੇ ਰਿਸ਼ਵਤ ਨਹੀਂ ਲੈਂਦੇ ਅਤੇ ਇਹ ਦੋਲਤ ਨਾਲ ਵੀ ਨਹੀਂ ਜਾਂਦੀ।
Check Also
ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ
ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …