ਦੁਨੀਆ ਵਿਚ ਸਭ ਤੋਂ ਵੱਧ ਪੈਦਲ ਚਲਣ ਦਾ World Record ਬਾਬੇ ਨਾਨਕ ਦੇ ਨਾਮ

ਜਗਤ ਜਲੰਦੇ ਨੂੰ ਤਾਰਨ ਲਈ ਅਕਾਲ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਰਤੀ ਤੇ ਪ੍ਰਕਾਸ਼ ਲਿਆ। ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਉਹਨਾਂ ਨੇ ਇਸ ਦੁਨੀਆ ਨੂੰ ਅਕਾਲ ਪੁਰਖ ਦਾ ਇਲਾਹੀ ਉਪਦੇਸ਼ ਦਿੱਤਾ ਤੇ ਉਹਨਾਂ ਦੇ ਹੀ ਜੋਤ ਅੱਗੇ 9 ਪਾਤਸ਼ਾਹੀਆਂ ਵਿਚ ਵਰਤੀ। ਦਸਮ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਿਰਮਲ ਪੰਥ ਨੂੰ ਖਾਲਸੇ ਦਾ ਰੂਪ ਦੇ ਕੇ ਸ਼੍ਰਿਸ਼ਟੀ ਦਾ ਸਰਵਉੱਤਮ ਮਨੁੱਖ ਬਣਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਵਿਚ ਉਦਾਸੀਆਂ ਕੀਤੀਆਂ,ਉਦਾਸੀਆਂ ਭਾਵ ਯਾਤਰਾਵਾਂ।

ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਸੰਦੇਸ਼ ਨੂੰ ਸਮਸਤ ਲੋਕਾਈ ਵਿਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ- ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ ਉਨ੍ਹਾਂ ਨੇ ਅਗਿਆਨ-ਗ੍ਰਸਤ ਲੋਕਾਂ ਨੂੰ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੱਸ ਕੇ ਇਨ੍ਹਾਂ ਨੂੰ ਤਿਆਗਣ ਅਤੇ ਇਕ ਅਕਾਲ ਪੁਰਖ ਦੀ ਓਟ ਵਿਚ ਸੰਜਮਮਈ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ। ਇਹ ਉਦਾਸੀਆਂ ਪਾਤਸ਼ਾਹ ਜੀ ਨੇ ਪੈਦਲ ਕੀਤੀਆਂ ਸਨ। ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਕੀਤੀਆਂ ਇਹ ਪੈਦਲ ਯਾਤਰਾਵਾਂ ਦਾ 27 ਸਾਲਾਂ ਦਾ ਸਫ਼ਰ ਕਰੀਬ 28 ਹਜਾਰ ਕਿਲੋਮੀਟਰ ਬਣਦਾ ਹੈ ਜੋ ਕਿ ਦੁਨੀਆ ਵਿਚ ਪੈਦਲ ਤੁਰਨ ਦਾ ਇੱਕ ਰਿਕਾਰਡ ਹੈ। ਇਹਨਾਂ ਯਾਤਰਾਵਾਂ ਦੌਰਾਨ ਉਹ ਏਸ਼ੀਆ,ਅਫ਼ਰੀਕਾ,ਅਰਬ ਤੇ ਯੂਰੋਪ ਤੱਕ ਗਏ ਸਨ। ਉਹਨਾਂ ਨੂੰ ਵੱਖੋ ਵੱਖ ਬੋਲੀਆਂ ਦਾ ਵੀ ਗਿਆਨ ਸੀ ਤੇ ਉਹ ਜਿਥੇ ਵੀ ਜਾਂਦੇ ਸਨ ਓਥੋਂ ਵਰਗਾ ਹੀ ਆਪਣਾ ਪਹਿਰਾਵਾ ਵੀ ਧਾਰ ਲੈਂਦੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਦੀ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਇਹ ਯਾਤਰਾ ਸੰਨ 1507 ਤੋਂ 1515 ਈ. ਤਕ ਦੀ ਸੀ।
Image result for guru nanak dev ji
ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿਚ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਪਾਤਸ਼ਾਹ ਜੀ ਦੀ ਦੂਜੀ ਯਾਤਰਾ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ: -ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ। ਤੀਜੀ ਉਦਾਸੀ ਸੰਨ 1518 ਤੋਂ 1521 ਤਕ ਹੈ, ਜਿਸ ਦੌਰਾਨ ਆਪ ਜੀ ਕਰਤਾਰਪੁਰ ਤੋਂ ਪੱਛਮ ਵਲ ਯਾਨੀ ਮੱਧ ਪੂਰਬ ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ।
Related image
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ: ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। ਕਰਤਾਰਪੁਰ ਤੋਂ ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ। ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਉਸ ਇਸ ਤਰਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਭਰਮਜਾਲ ਚੋਂ ਕੱਢਿਆ ਤੇ ਇੱਕ ਅਕਾਲ ਪੁਰਖ ਨਾਲ ਜੋੜਿਆ। ਕਰਤਾਰਪੁਰ ਵਿਖੇ ਆਪ ਨੇ ਭਾਈ ਲਹਿਣਾ ਜੀ ਨੂੰ ‘ਅੰਗਦ’ ਨਾਮ ਦੇ ਕੇ ਗੁਰਗੱਦੀ ਬਖਸ਼ਿਸ਼ ਕੀਤੀ ਅਤੇ ਇਥੇ ਹੀ ਗੁਰੂ ਸਾਹਿਬ ਜੋਤੀ ਜੋਤ ਸਮਾਏ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.