ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਬੀਤੇ ਐਤਵਾਰ ਨੂੰ ਹਿਰਾਸਤ ‘ਚ ਲਏ ਇੱਕ ਨੌਜਵਾਨ ਦੀ ਸੀਆਈਏ ਸਟਾਫ ‘ਚ ਹੋਈ ਮੌਤ ਉਪਰੰਤ ਲਾਸ਼-ਖੁਰਦ ਬੁਰਦ ਕਰਨ ਦੇ ਨਾਲ ਨਾਲ ਇੰਸਪੈਕਟਰ ਵੱਲੋਂ ਖੁਦ ਨੂੰ ਗੋਲੀ ਮਾਰ ਲਏ ਜਾਣ ਦੇ ਮਾਮਲੇ ‘ਚ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਇੱਕ ਪਾਸੇ ਐਸਐਸਪੀਰਾਜਬਚਨ ਸਿੰਘ ਸੰਧੂ ਵੱਲੋਂ ਪ੍ਰੈਸ ਕਾਨਫਰੰਸ ਰਾਹੀ ਇਹ ਖੁਲਾਸਾ ਕੀਤਾ ਗਿਆ ਕਿ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਹਿਰਾਸਤ ‘ਚ ਲਏ ਨੌਜਵਾਨ ਜਸਪਾਲ ਸਿੰਘ ਨੇ ਹਵਾਲਾਤ ‘ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਅਤੇ ਸੀਆਈਏ ਇੰਚਾਰਜ ਨਰਿੰਦਰ ਸਿੰਘ ਵੱਲੋਂ ਲਾਸ਼ ਗੱਡੀ ‘ਚ ਪਾ ਕੇ ਲਿਜਾਣ ਤੋਂ ਬਾਅਦ ਕਿੱਥੇ ਅਤੇ ਕਿਵੇਂ ਡਿਸਪੋਜ਼ ਕੀਤੀ,ਇਸਦੀ ਪੜਤਾਲ ਜਾਰੀ ਹੈ।

ਦੂਜੇ ਪਾਸੇ ਜਸਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ ਅਤੇ ਹੋਰ ਵਾਰਸਾਂ ਨੇ ਦੋਸ਼ ਲਾਇਆ ਕਿ ਉਹਨਾਂ ਦਾ ਲੜਕਾ ਅਗਵਾ ਨਹੀਂ ਹੋਇਆ ਬਲਕਿ ਉਸ ਦੇ ਲੜਕੇ ਨੂੰ ਸੀਆਈਏ ਸਟਾਫ ਦੇ ਤਿੰਨ ਮੁਲਾਜ਼ਮਾਂ ਨੇ ਕਤਲ ਕੀਤਾ ਹੈ। ਵਾਰਸਾਂ ਨੇ ਅੱਜ ਐੱਸਐੱਸਪੀ ਦਫ਼ਤਰ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਖਿਲਾਫ ਪਿੱਟ ਸਿਆਪਾ ਕੀਤਾ। ਲੜਕੇ ਦਾ ਪਿਤਾ ਅਤੇ ਕਰੀਬੀ ਰਿਸ਼ਤੇਦਾਰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦੇ ਬਾਹਰ ਧਰਨੇ ‘ਤੇ ਵੀ ਬੈਠੇ ਰਹੇ।

ਦੱਸਣਯੋਗ ਹੈ ਕਿ ਮੁਕਤਸਰ ਜਿਲ੍ਹੇ ਦੇ ਪਿੰਡ ਪੰਜਾਵਾ ਦੇ ਨੌਜਵਾਨ ਜਸਪਾਲ ਸਿੰਘ (22) ਜਿਸ ਨੂੰ ਸੀਆਈਏ ਸਟਾਫ਼ ਫਰੀਦਕੋਟ ਨੇ 19 ਮਈ ਦੀ ਰਾਤ ਨੂੰ ਪਿੰਡ ਰੱਤੀ ਰੋੜੀ ਦੇ ਗੁਰਦੁਆਰਾ ਸਾਹਿਬ ‘ਚੋਂ ਹਿਰਾਸਤ ਵਿੱਚ ਲਿਆ ਸੀ, ਦਾ ਸੀਆਈਏ ਸਟਾਫ਼ ਨੇ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ ਅਤੇ ਖੁਦ ਨੂੰ ਬਚਾਉਣ ਲਈ ਜਸਪਾਲ ਸਿੰਘ ਦੇ ਅਗਵਾ ਹੋਣ ਬਾਰੇ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਅਗਵਾ ਹੋਣ ਦੀ ਕਹਾਣੀ ਤੋਂ ਵੀ ਕੁੱਝ ਘੰਟਿਆਂ ਬਾਅਦ ਹੀ ਆਪਣੇ ਸਟੈਂਡ ਤੋਂ ਬਦਲ ਗਈ।
ਹੁਣ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਸਪਾਲ ਸਿੰਘ ਨੇ ਸੀਆਈਏ ਸਟਾਫ ‘ਚ ਪੁਲਿਸ ਹਿਰਾਸਤ ਵਿੱਚ ਖੁਦਕੁਸ਼ੀ ਕਰ ਲਈ ਸੀ ਅਤੇ ਨਰਿੰਦਰ ਸਿੰਘ ਨੇ ਚੁੱਪ-ਚੁਪੀਤੇ ਜਸਪਾਲ ਸਿੰਘ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਅਤੇ ਖੁਦ ਨੂੰ ਗੋਲੀ ਮਾਰ ਲਈ।ਸੂਚਨਾ ਅਨੁਸਾਰ ਜਸਪਾਲ ਸਿੰਘ ਨੂੰ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਪਿੰਡ ਰੱਤੀ ਰੋੜੀ ਤੋਂ ਹਿਰਾਸਤ ਵਿੱਚ ਲਿਆ ਸੀ ਅਤੇ ਜਸਪਾਲ ਸਿੰਘ ਦੇ ਕਤਲ ਤੋਂ ਬਾਅਦ ਉੱਚ ਪੁਲਿਸ ਅਧਿਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਏ ਸੀਆਈਏ ਸਟਾਫ ਦੇ ਇੰਚਾਰਜ ਨਰਿੰਦਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।

ਮ੍ਰਿਤਕ ਜਸਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ, ਕਰੀਬੀ ਰਿਸ਼ਤੇਦਾਰ ਹੀਰਾ ਸਿੰਘ, ਗੁਰਚਰਨ ਸਿੰਘ, ਗੁਰਬਾਜ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਕਿਹਾ ਕਿ ਜਸਪਾਲ ਸਿੰਘ ਦਾ ਸੀਆਈਏ ਸਟਾਫ਼ ਦੇ ਤਿੰਨ ਮੁਲਾਜ਼ਮਾਂ ਵੱਲੋਂ ਕਤਲ ਕੀਤਾ ਗਿਆ ਹੈ ਕਿਉਂਕਿ ਜਿਸ ਸਮੇਂ ਘਟਨਾ ਵਾਪਰੀ ਉਸ ਸਮੇਂ ਸੀਆਈਏ ਸਟਾਫ਼ ਦੇ ਸੀਸੀਟੀ ਵੀ ਕੈਮਰੇ ਬੰਦ ਸਨ।ਦੂਜੇ ਪਾਸੇ ਜਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਹੈ ਅਤੇ ਕੱਲ ਸੁਭਾ ਤੱਕ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਸਾਹਮਣੇ ਆਇਆ, ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।