ਨਿੱਘੀ ਜਿਹੀ ਧੁੱਪ ਸੇਕਦੀ ਬੇਬੇ ਵਿਹੜੇ ‘ਚ ਬੈਠੀ ਸਾਗ ਚੀਰ ਰਹੀ ਸੀ। ਕਿਸੇ ਨੇ ਕੁੰਡਾ ਖੜਕਾਉਂਦਿਆਂ ਬਾਹਰੋਂ ਹੀ ‘ਦੀਦੀ’ ਕਹਿ ਕੇ ਆਵਾਜ਼ ਮਾਰੀ।
“ਕੁੜੇ ਲੰਘ ਆ! ਸਰਬੀ ਐਂ , ਉਹ ਤੈਨੂੰ ਹੀ ‘ਡੀਕਦੀ ਅੰਦਰ ਤਿਆਰ ਹੁੰਦੀ ਹੋਣੀ ਆ,” ਬੇਬੇ ਨੇ ਆਵਾਜ਼ ਪਛਾਣਦਿਆਂ ਕਿਹਾ।
“ਦੀ ਅਜੇ ਤੱਕ ਤਿਆਰ ਨੀ ਹੋਈ ?” ਬੇਬੇ ਕੋਲ਼ ਬੈਠਦਿਆਂ ਸਰਬੀ ਨੇ ਪੁੱਛਿਆ।
ਹੁਣ ਬੇਬੇ ਤੋਂ ਕਹੇ ਬਿਨਾਂ ਰਹਿ ਨਾ ਹੋਇਆ ,” ਕੁੜੇ ਸਰਬੀ ਆਹਾ ਭਲਾ ‘ਦੀ -ਦੀਦੀ’ ਕੀ ਹੋਇਆ?
ਊਂ ਤਾਂ ਭਾਈ ਥੋਡੀ ਮਰਜੀ ਆ। ਪਰ ਜਦੋਂ ਦੂਜੀ ਜੁਬਾਨ ਬੋਲੋਂਗੀਆਂ ਤਾਂ ਆਪਣੀ ਭੁੱਲਜੂ। ਥੋਡੇ ਜੁਆਕਾਂ ਨੂੰ ਏਸ ਦੀਦੀ ਨੇ ਭੈਣ ਭੁਲਾ ਦੇਣੀ ਆ।
ਫ਼ੇਰ ਬੇਬੇ ਦਾ ਕਿਹਾ ਚੇਤੇ ਆਊ। ਨਾਲ਼ੇ ‘ਦੀਦੀ’ ਕਹਿਣ ਆਲਾ ਤਾਂ ਪੂਰਾ ਦੇਸ ਆ ਪਰ ‘ਭੈਣ’ ਕਹਿਣ ਆਲੇ ‘ਕੱਲੇ ਪੰਜਾਬੀ।”
ਇਹ ਨਿੱਕੀ ਜਿਹੀ ਕਹਾਣੀ ਸੁਣਾਉਣ ਦਾ ਮਤਲਬ ਹੈ ਕਿ ਬੱਚੇ ਦਾ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਜਿਸ ਬੋਲੀ ਨਾਲ ਨਾਤਾ ਜੁੜਦਾ ਹੈ ਉਹ ਉਸਦੀ ਮਾਂ ਬੋਲੀ ਹੁੰਦੀ ਹੈ। ਮਾਂ ਬੋਲੀ ਇਕ ਤਰ੍ਹਾਂ ਨਾਲ ਬੱਚੇ ਨੂੰ ਗੁੜ੍ਹਤੀ ਵਿੱਚ ਦਿੱਤੀ ਗਈ ਹੀ ਬੋਲੀ ਹੁੰਦੀ ਹੈ ਤੇ ਜੋ ਉਮਰ ਭਰ ਉਸਦਾ ਸਾਥ ਦਿੰਦੀ ਹੈ। ਜਿਸ ਤਰ੍ਹਾਂ ਬੱਚਾ ਆਪਣੀ ਮਾਂ ਦੇ ਹੱਥਾਂ ਵਿੱਚ ਆਪਣੇ ਆਪ ਨੂੰ ਹਮੇਸ਼ਾ ਮਹਿਫੂਜ਼ ਮਹਿਸੂਸ ਕਰਦਾ ਹੈ ਬਿਲਕੁਲ ਉਸ ਤਰ੍ਹਾਂ ਹੀ ਹਰ ਸ਼ਖਸ ਆਪਣੀ ਮਾਂ-ਬੋਲੀ ਵਿੱਚ ਗੱਲ ਕਰਦਾ ਕਦੇ ਵੀ ਓਪਰਾ ਮਹਿਸੂਸ ਨਹੀਂ ਕਰਦਾ ਹੈ। ਮਾਂ ਬੋਲੀ ਵਿੱਚ ਇੱਕ ਆਪਣਾਪਣ ਤੇ ਅਪਣੱਤ ਹੁੰਦੀ ਹੈ। ਸੰਸਾਰ ਭਰ ਦੇ ਭਾਸ਼ਾ ਵਿਗਿਆਨੀ ਵੀ ਇਹ ਗੱਲ ਸਾਬਤ ਕਰ ਚੁਕੇ ਹਨ ਕਿ ਕੋਈ ਵੀ ਬੱਚਾ ਜਿੰਨਾ ਸਰਲ ਤੇ ਸਹਿਜ ਨਾਲ ਆਪਣੀ ਮਾਂ ਬੋਲੀ ਵਿੱਚ ਸਿੱਖਦਾ ਹੈ ਉਸ ਤਰ੍ਹਾਂ ਉਹ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਸਿੱਖਦਾ। ਮਾਂ ਬੋਲੀ ਪੰਜਾਬੀ ਨੂੰ ਅਖੋਂ ਪਰੋਖੇ ਕਰਨ ਕਰਕੇ ਹੀ ਅੱਜ ਸਾਡੇ ਰਿਸ਼ਤੇ ਗੁਆਚ ਰਹੇ ਹਨ। ਪੰਜਾਬੀ ਸਭਿਆਚਾਰ ਵਿਲੱਖਣ ਸੱਭਿਆਚਾਰ ਹੈ ਤੇ ਇਸ ਵਿਚ ਸਿਰਫ਼ ਅੰਕਲ ਨਾਲ ਹੀ ਰਿਸ਼ਤੇ ਜੀਵਿਤ ਨਹੀਂ ਰਹਿ ਸਕਦੇ ਹਨ। ਸਾਡੇ ਤਾਂ ਨਾਨਕ ਛਕ,ਛੂਛਕ ਆਦਿ ਅਨੇਕਾਂ ਅਜਿਹੇ ਹੋਰ ਰਿਸ਼ਤੇ ਤੇ ਰਿਵਾਜ ਹਨ ਜੋ ਸਿਰਫ਼ ਪੰਜਾਬੀ ਵਿਚ ਹੀ ਸਮਝੇ ਜਾ ਸਕਦੇ ਹਨ। ਅੱਜ ਪਿੰਡਾਂ ਵਿੱਚ ਵੀ ਮਾਂ ਬੋਲੀ ਪੰਜਾਬੀ ਦੇ ਸ਼ਬਦ ਦਿਨੋਂ ਦਿਨ ਲੁਪਤ ਹੋ ਰਹੇ ਹਨ ਅਤੇ ਸਾਡੇ ਰਿਸ਼ਤੇ ਨਾਤੇ,ਰਸਮ ਰਿਵਾਜ ਵਿਗੜ ਰਹੇ ਹਨ। ਅੱਜ ਚਾਚੇ,ਤਾਏ ਦੀ ਥਾਂ ਵੱਡਾ ਡੈਡੀ ਤੇ ਛੋਟਾ ਡੈਡੀ ਆ ਗਿਆ ਹੈ। ਦਾਦਾ ਦਾਦੀ,ਮਾਮਾ ਮਾਮੀ, ਨਾਨਾ ਨਾਨੀ ਆਦਿ ਰਿਸ਼ਤੇ ਆਪਣਾ ਰੂਪ ਬਦਲ ਰਹੇ ਹਨ। ਪੰਜਾਬੀ ਭਾਸ਼ਾ ਦਾ ‘ਅੰਬੋ‘ ਸ਼ਬਦ ਤਾਂ ਲਗਭਗ ਅਲੋਪ ਹੀ ਹੋ ਗਿਆ ਹੈ। ਅਸੀਂ ਵੀ ਆਪਣੇ ਬੱਚਿਆਂ ਮੂੰਹੋਂ ਬੇਬੇ ਬਾਪੂ ਦੀ ਥਾਂ ਮੰਮੀ ਡੈਡੀ ਸੁਨਣਾ ਜ਼ਿਆਦਾ ਪਸੰਦ ਕਰਨ ਲਗ ਪਏ ਹਾਂ। ਭੈਣ ਦਾ ਰਿਸ਼ਤਾ ਸਾਡੇ ਸਮਾਜ ਤੇ ਸੱਭਿਆਚਾਰ ਵਿੱਚ ਬੜਾ ਸਤਿਕਾਰ ਤੇ ਪਿਆਰ ਵਾਲਾ ਹੈ ਪਰ ਆਧੁਨਿਕਤਾ ਦੀ ਹਨੇਰੀ ਵਿਚ ਭੈਣ ਸ਼ਬਦ ਹੀ ਦਿਨੋ-ਦਿਨ ਬਦਲ ਰਿਹਾ ਹੈ ਤੇ ਅੱਜਕਲ੍ਹ ਦੀ ਨਵੀਂ ਪੀੜ੍ਹੀ ਨੇ ਬੰਗਾਲੀ ਭਾਸ਼ਾ ਦਾ ਸ਼ਬਦ ‘ਦੀਦੀ‘ ਅਪਣਾ ਲਿਆ ਹੈ ਤੇ ਅੱਜ ਹਰ ਘਰ ਵਿਚ ਦੀਦੀ ਸ਼ਬਦ ਆਮ ਬੋਲਿਆ ਜਾਂਦਾ ਹੈ।
“ਭੈਣਾਂ ਵਰਗਾ ਸਾਕ ਨਾ ਕੋਈ ਟੁੱਟ ਕੇ ਨਾ ਬਹਿਜੀ ਵੀਰਨਾ’’
ਉਪਰੋਕਤ ਲੋਕ ਬੋਲੀ ਵਿਚ ਜੇਕਰ ਭੈਣ ਦੀ ਜਗ੍ਹਾ ਦੀਦੀ ਸ਼ਬਦ ਵਰਤਿਆ ਜਾਵੇ ਤਾਂ ਭੈਣ ਭਰਾ ਦੇ ਪਿਆਰ ਦੀ ਭਾਵਨਾ ਹੀ ਮਰ ਜਾਵੇਗੀ। ਆਮ ਵੇਖਣ ਵਿਚ ਆਉਂਦਾ ਹੈ ਕਿ ਘਰ ਵਿਚ ਜਦੋਂ ਸਾਡਾ ਬੱਚਾ ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ ਤਾਂ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ। ਜੇਕਰ ਇਹ ਵਰਤਾਰਾ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਰਿਸ਼ਤੇ ਨਾਤੇ ਬਿਲਕੁਲ ਹੀ ਬਦਲ ਜਾਣਗੇ ਕਿਉਂਕਿ ਮਾਂ ਬੋਲੀ ਕਿਸੇ ਸੱਭਿਆਚਾਰ ਦਾ ਤਾਣਾ ਪੇਟਾ ਹੁੰਦੀ ਹੈ। ਜਦੋਂ ਮਾਂ ਬੋਲੀ ਹੀ ਬਦਲ ਗਈ ਤਾਂ ਸੱਭਿਆਚਾਰ ਤਾਂ ਆਪਣੇ ਆਪ ਹੀ ਬਦਲ ਜਾਵੇਗਾ। ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਤੁਸੀਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੋ ਤੇ ਲੋੜ ਪੈਣ ‘ਤੇ ਬੋਲੋ। ਪਰ ਜਦੋਂ ਤੁਸੀਂ ਆਪਣੀ ਭਾਸ਼ਾ ਨੂੰ ਨਕਾਰਦੇ ਹੋਏ ਕਿਸੇ ਦੂਜੀ ਭਾਸ਼ਾ ਦਾ ਸ਼ਬਦ ਆਪਣੀ ਜ਼ੁਬਾਨ ‘ਤੇ ਲੈ ਕੇ ਆਉਂਦੇ ਹੋ ਤਾਂ ਠੀਕ ਓਸੇ ਵੇਲ਼ੇ ਆਪਣੀ ਮਾਂ ਬੋਲੀ ਦਾ ਇੱਕ ਸ਼ਬਦ ਭੁੱਲ ਜਾਂਦੇ ਹੋ। ਆਓ ਰਲ਼ ਮਿਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸੰਭਾਲੀਏ !