ਦੀਨ ਦੁਨੀਆ ਦੇ ਮਾਲਕ,ਅਕਾਲ ਪੁਰਖ ਦਾ ਰੂਪ ਗੁਰੂ ਨਾਨਕ ਪਾਤਸ਼ਾਹ ਜੀ ਜਿਨਾਂ ਨੇ ਦੁਨੀਆ ਨੂੰ ਇੱਕ ਨਵੇਂ ਫਲਸਫੇ,ਨਵੇਂ ਧਰਮ ਦੀ ਸੌਗਾਤ ਦਿੱਤੀ ਤੇ ਜਿਸ ਧਰਮ ਨੇ ਦੁਨੀਆ ਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਉਹਨਾਂ ਦਾ ਇੱਕ ਸਿੱਖ ਹੋਇਆ ਰਾਏ ਬੁਲਾਰ ਭੱਟੀ। ਇਹ ਓਹੀ ਰਾਏ ਬੁਲਾਰ ਸਾਹਿਬ ਭੱਟੀ ਹਨ ਜਿਨਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦੇ ਰੂਪ ਵਿਚ ਦੇਖਿਆ। ਰਾਏ ਬੁਲਾਰ ਭੱਟੀ ਉਸ ਸਮੇਂ ਰਾਏ ਭੋਏ ਦੀ ਤਲਵੰਡੀ ਜਿਥੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉਸ ਇਲਾਕੇ ਦੇ ਮੁਖੀ ਸਨ। ਰਾਇ ਬੁਲਾਰ ਖ਼ਾਨ ਪੰਦਰਾਂ ਸੌ ਮੁਰੱਬਿਆਂ ਦਾ ਤਕੜਾ ਰਈਸ ਅਤੇ ਖ਼ੁਦਦਾਰ ਇਨਸਾਨ ਸੀ ਪਰ ਸੀ ਨੇਕੀ ਦਾ ਮੁਜੱਸਮਾ। ਬਾਬਾ ਗੁਰੂ ਨਾਨਕ ਦੇਵ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਸੀ ਪਰ ਔਲਾਦ ਨਹੀਂ ਸੀ। ਇੱਕ ਵਾਰੀ ਘੋੜੇ ’ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ ਉਦੋਂ 12-13 ਸਾਲ ਸੀ। ਬਾਬਾ ਗੁਰੂ ਨਾਨਕ ਜੀ ਮੱਝਾਂ ਚਾਰ ਰਹੇ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ ਤੇ ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ,ਘਰ ਵਿਚ ਬਾਲ ਖੇਡੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਵੇਗੀ। ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖ਼ੁਸ਼ ਕਿ ਬੜੀ ਵੱਡੀ ਦਾਅਵਤ ਦਿੱਤੀ ਤੇ ਨਵਾਬ ਦੌਲਤ ਖ਼ਾਨ ਲੋਧੀ ਖ਼ੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਬਾਬਾ ਨਾਨਕ ਜੀ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਸੋ ਉਦੋਂ ਸਾਢੇ ਸੱਤ ਸੌ ਮੁਰੱਬੇ ਬਾਬਾ ਜੀ ਦੇ ਨਾਮ ਹੋਏ ਜੋ ਹੁਣ ਤਕ ਤੁਰੇ ਆਉਂਦੇ ਹਨ। ਇਸ ਚੋਣ 100 ਮੁਰੱਬਾ ਗੁਰਦਵਾਰੇ ਦੇ ਨਾਮ ਸੀ ਤੇ ਬਾਕੀ ਜਮੀਨ ਰਾਏ ਬੁਲਾਰ ਜੀ ਦੀਆਂ ਅਗਲੀਆਂ ਪੀੜੀਆਂ ਵਾਹੁੰਦੀਆਂ ਸਨ। ਉਹਨਾਂ ਮਨ ਵਿਚ ਖਿਆਲ ਆਇਆ ਕਿ ਕਾਸ਼ਤਕਾਰ ਅਸੀਂ,ਵਾਹੁੰਦੇ ਅਸੀਂ ਤੇ ਜਮੀਨ ਬਾਬੇ ਨਾਨਕ ਦੇ ਨਾਮ ਹੈ,ਸੋ ਉਹਨਾਂ ਨੇ ਸ਼ੇਖੂਪੁਰੇ ਅਦਾਲਤ ਵਿਚ ਮੁਕੱਦਮਾ ਦਾਖਲ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਇ ਬੁਲਾਰ ਸਾਹਿਬ ਦਾ ਦਿਮਾਗ਼ ਹਿੱਲ ਗਿਆ ਸੀ ਜੋ ਉਸ ਨੇ ਅੱਧੀ ਜ਼ਮੀਨ ਇੱਕ ਫ਼ਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ। ਕਾਬਜ਼ ਕਾਸ਼ਤਕਾਰ ਵੀ ਖ਼ੁਦ ਹਾਂ। ਸਾਡੇ ਨਾਮ ਇੰਤਕਾਲ ਤਬਦੀਲ ਹੋਵੇ। ਅਦਾਲਤੀ ਤਲਬੀਆਂ, ਇਤਲਾਹਾਂ, ਰਿਕਾਰਡ, ਬਹਿਸਾਂ ਸਭ ਹੋ ਗਈਆਂ। ਚਾਰ ਸਾਲ ਮੁਕੱਦਮੇ ਦੀ ਕਾਰਵਾਈ ਚੱਲੀ। ਫ਼ੈਸਲੇ ਦੀ ਤਰੀਕ ਆਈ ਤਾਂ ਅਦਾਲਤ ਦਾ ਫ਼ੈਸਲਾ ਰਾਏ ਬੁਲਾਰ ਦੀ ਔਲਾਦ ਦੇ ਖ਼ਿਲਾਫ਼ ਆਗਿਆ ਕਿ ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਰਾਏ ਬੁਲਾਰ ਜੀ ਦੀਆਂ ਅਗਲੀਆਂ ਪੀੜੀਆਂ ਨੇ ਫਿਰ ਕੇਸ ਲਾਹੌਰ ਹਾਈਕੋਰਟ ਨੂੰ ਪਾ ਦਿੱਤਾ। ਤਿੰਨ ਚਾਰ ਸਾਲ ਉਥੇ ਸੁਣਵਾਈ ਹੁੰਦੀ ਰਹੀ ਤੇ ਜਜਮੈਂਟ ਫਿਰ ਖਿਲਾਫ ਕਿ ਇੰਤਕਾਲ ਤਾਂ ਬਾਬੇ ਨਾਨਕ ਦੇ ਨਾਮ ਰਹੁ।
ਫਿਰ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ। ਤਿੰਨ ਸਾਲ ਸੁਣਵਾਈ ਹੋਈ। ਅਖ਼ੀਰ ਜਦੋਂ ਫ਼ੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਜੱਜਾਂ ਦੇ ਬੈਂਚ ਨੇ ਰਾਏ ਬੁਲਾਰ ਜੀ ਦੀ ਔਲਾਦ ਨੂੰ ਕਿਹਾ ਕਿ ਆਪਣੇ ਪੰਜ ਚਾਰ ਮੁਹਤਬਰ ਬੰਦੇ ਲੈ ਕੇ ਆਉਣ ਪਰ ਵਕੀਲ ਨਾ ਲਿਆਇਉ,ਕੋਈ ਜ਼ਰੂਰੀ ਗੱਲ ਕਰਨੀ ਹੈ। ਰਾਏ ਬੁਲਾਰ ਜੀ ਦੀ ਔਲ਼ਾਦ ਦੇ ਬੰਦੇ ਇਕੱਠੇ ਹੋਏ ਤੇ ਕੁਝ ਮੋਹਤਬਰ ਬੰਦੇ ਜੱਜਾਂ ਸਾਹਮਣੇ ਪੇਸ਼ ਹੋਗਏ ਜੱਜਾਂ ਨੇ ਉਹਨਾਂ ਨੂੰ ਕਿਹਾ ਅਸੀਂ ਬੜੀ ਬਾਰੀਕੀ ਨਾਲ ਕੇਸ ਦੇਖਿਆ ਹੈ। ਤੁਸੀਂ ਗਲਤ ਕੰਮ ਛੇੜ ਬੈਠੇ। ਜਿਨ੍ਹਾਂ ਫ਼ਕੀਰਾਂ ਉਪਰ ਮੁਕੱਦਮੇ ਦਾਇਰ ਕੀਤੇ ਉਨ੍ਹਾਂ ਤੋਂ ਮੁਰਾਦਾਂ ਮੰਗਦੇ ਤਾਂ ਠੀਕ ਸੀ। ਉਹ ਨੇਕਬਖ਼ਤ ਇਨਸਾਨ ਰਾਏ ਬੁਲਾਰ ਜੀ. ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆਂ ਦੀ ਰੋਸ਼ਨੀ ਦੇਖੀ, ਤੁਸੀਂ ਉਨ੍ਹਾਂ ਉਪਰ ਮੁਕੱਦਮੇ ਕੀਤੇ, ਦਿਮਾਗ਼ ਹੱਲ ਜਾਣ ਵਰਗੇ ਬਦ ਇਲਜ਼ਾਮ ਲਾਏ। ਸਰਦਾਰ ਰਾਇ ਬੁਲਾਰ ਖ਼ਾਨ ਸਾਹਿਬ ਦਾ ਦਿਮਾਗ਼ ਅੱਧਾ ਤਾਂ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ। ਜਿਸ ਫ਼ਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ, ਉਸ ਬਾਬੇ ਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਭੀ ਨਹੀਂ। ਉਸ ਦੀ ਔਲਾਦ ਨੇ ਇਸ ਉਪਰ ਹੱਕ ਨਹੀਂ ਜਮਾਇਆ।
ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ, ਨਾ ਦਾਅਵੇ ਅਦਾਲਤਾਂ ਵਿੱਚ ਕੀਤੇ। ਤੁਸੀਂ ਇਸ ਉਪਰ ਪੁਸ਼ਤਾਂ ਤੋਂ ਕਬਜ਼ੇ ਕੀਤੇ ਹੋਏ ਹਨ, ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ। ਦਸ ਬਾਰਾਂ ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ, ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ? ਜ਼ਮੀਨ ਤੋਂ ਵਧੀਕ ਉਹ ਤੁਹਾਨੂੰ ਪਿਆਰ ਕਰਦੇ ਸਨ। ਤੁਸੀਂ ਉਨ੍ਹਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ। ਤੁਹਾਡੇ ਕੋਲ ਹੀ ਰਹੇਗੀ ਜ਼ਮੀਨ। ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ। ਰਾਲੇ ਬੁਲਾਰ ਦੀ ਔਲਾਦ ਨੇ ਕਿਹਾ ਕਿ ਸਭ ਕੁਝ ਅਸੀਂ ਕਰਦੇ ਹਾਂ ਸੋ ਨਾਮ ਵੀ ਸਾਡੇ ਹੋਵੇ ਜਮੀਨ ਤਾਂ ਜੱਜਾਂ ਨੇ ਕਿਹਾ ਕਿ ਨਾਮ ਤੁਹਾਡਾ ਨਹੀਂ ਰਹੇਗਾ। ਨਾਮ ਰਹੇਗਾ ਅੱਲਾਹ ਪਰਵਰਦਗਾਰ ਦਾ। ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲਿਆ ਦਰਵੇਸ਼ਾਂ ਦਾ। ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ, ਹੋਰ ਨਹੀਂ ਰਹੇਗਾ ਕੋਈ। ਸਾਡੀ ਤੁਹਾਨੂੰ ਇਹੀ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਉ ਨਹੀਂ ਤਾਂ ਅਸੀਂ ਫੈਸਲਾ ਤੁਹਾਡੇ ਖਿਲਾਫ ਤੇ ਬਾਬੇ ਨਾਨਕ ਦੇ ਹੱਕ ਵਿਚ ਦਵਾਂਗੇ। ਸੋ ਇਸ ਤਰਾਂ ਅਖੀਰ ਫੈਸਲਾ ਹੋਇਆ ਤੇ ਰਾਏ ਬੁਲਾਰ ਜੀ ਦੀ ਅੱਗੇ ਦੀ ਅੱਗੇ ਔਲਾਦ ਨੇ ਇਹ ਮੁਕੱਦਮਾ ਵਾਪਸ ਲੈ ਲਿਆ। ਅੱਜ ਵੀ ਪਾਕਿਸਤਾਨ ਦੇ ਮਾਲ ਰਿਕਾਰਡ ਅਨੁਸਾਰ ਇਹਨਾਂ ਮੁਰੱਬਿਆਂ ਵਿੱਚ ਗੁਰੂ ਬਾਬਾ ਨਾਨਕ ਖੇਤੀ ਕਰਦਾ ਹੈ।’’
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …