ਲੋਕ ਸਭਾ ਚੋਣਾਂ ਦਾ ਪਾਰਾ ਸਿਖਰਾਂ ‘ਤੇ ਹੈ। ਸਿਰਫ ਦੋ ਦਿਨ ਪ੍ਰਚਾਰ ਲਈ ਬਚੇ ਹਨ। ਅਜਿਹੇ ਵਿੱਚ ਸਾਰੀਆਂ ਧਿਰਾਂ ਰੋਡ ਸ਼ੋਅ ਤੇ ਚੋਣ ਰੈਲੀਆਂ ਕਰ ਰਹੀਆਂ ਹਨ। ਇਸ ਦੌਰਾਨ ਇੱਕ-ਦੂਜੇ ‘ਤੇ ਹੀ ਨਿਸ਼ਾਨੇ ਲਾਏ ਜਾ ਰਹੇ ਹਨ ਪਰ ਪੰਜਾਬ ਦੇ ਅਸਲ ਮੁੱਦੇ ਗਾਇਬ ਹਨ। ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਜਿਸ ਵਿੱਚ ਇਨ੍ਹਾਂ ਮੁੱਦਿਆਂ ਦੀ ਝਲਕ ਪਈ।
ਉਂਝ ਦਿਲਚਸਪ ਹੈ ਕਿ ਟਕਸਾਲੀ ਦਲ ਦਾ ਸਿਰਫ ਇੱਕ ਉਮੀਦਵਾਰ ਹੀ ਸੰਸਦੀ ਚੋਣ ਲੜ ਰਿਹਾ ਤੇ ਉਨ੍ਹਾਂ ਵੱਲੋਂ ਇੱਕ ਉਮੀਦਵਾਰ ਨੂੰ ਸਮਰਥਨ ਦਿੱਤਾ ਜਾ ਰਿਹਾ। ਇਸ ਲਈ ਬੇਸ਼ੱਕ ਟਕਸਾਲੀ ਦਲ ਦੇ ਇਸ ਮੈਨੀਫੈਸਟੋ ਦੇ ਹਕੀਕੀ ਰੂਪ ਵਿੱਚ ਕੋਈ ਮਾਇਨੇ ਨਹੀਂ ਪਰ ਉਨ੍ਹਾਂ ਨੇ ਪੰਜਾਬੀਆਂ ਨੂੰ ਯਾਦ ਜ਼ਰੂਰ ਦਵਾ ਦਿੱਤਾ ਹੈ ਕਿ ਦੂਜੀਆਂ ਧਿਰਾਂ ਅਸਲ ਮੁੱਦਿਆਂ ਤੋਂ ਕੋਹਾਂ ਦੂਰ ਹਨ।
ਟਕਸਾਲੀਆਂ ਦੇ ਚੋਣ ਮਨੋਰਥ ਪੱਤਰ ਵਿੱਚ ਪੰਜਾਬ ਦੇ ਹਿੱਤ ਲਈ ਸੂਬੇ ਨੂੰ ਵਧੇਰੇ ਖੁਦਮੁਖਤਿਆਰੀ ਤੇ ਮੁਕੰਮਲ ਸੰਘੀ ਢਾਂਚੇ ਦਾ ਸਮਰਥਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਤੇ ਪਾਣੀਆਂ ’ਤੇ ਮੁਕੰਮਲ ਹੱਕ ਪ੍ਰਾਪਤੀ ਲਈ ਸਮੂਹ ਧਿਰਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਦਾ ਵਾਅਦਾ ਕੀਤਾ ਹੈ। ਦਿਲਚਸਪ ਹੈ ਕਿ ਇਹ ਮੁੱਦੇ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ (ਬ) ਵੀ ਚੁੱਕਦਾ ਰਿਹਾ ਹੈ ਪਰ ਅੱਜ ਇਨ੍ਹਾਂ ਨੂੰ ਕਦੇ-ਕਦੇ ਸੰਕਟ ਵੇਲੇ ਹੀ ਯਾਦ ਕਰਦਾ ਹੈ।ਇਸ 12 ਸਫਿਆਂ ਦੇ ਕਿਤਾਬਚੇ ਦੇ ਰੂਪ ਵਿੱਚ ਜਾਰੀ ਕੀਤੇ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਸਿੱਖ ਪੰਥ ਤੇ ਸਮੂਹ ਧਿਰਾਂ ਦੀਆਂ ਧਾਰਮਿਕ, ਸਮਾਜਿਕ, ਰਾਜਸੀ, ਆਰਥਿਕ ਤੇ ਸਭਿਆਚਾਰਕ ਇਛਾਵਾਂ ਦੀ ਪੂਰਤੀ ਦਾ ਪ੍ਰਤੀਕ ਦੱਸਿਆ ਗਿਆ ਹੈ, ਜਿਸ ਦਾ ਮੁੱਖ ਮੰਤਵ ਗੁਰਮਤਿ ਅਨੁਸਾਰ ਅਨਪੜ੍ਹਤਾ ਤੇ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਨਾ ਹੈ। ਅਨੰਦਪੁਰ ਸਾਹਿਬ ਦੇ ਮਤੇ ਮੁਤਾਬਕ ਰਾਜ ਲਈ ਵਧੇਰੇ ਖੁਦਮੁਖਤਿਆਰੀ ਤੇ ਸੰਘੀ ਢਾਂਚਾ ਲਾਗੂ ਕਰਵਾਉਣ ਲਈ ਸ਼ਾਂਤਮਈ ਢੰਗ ਤਰੀਕੇ ਨਾਲ ਸੰਘਰਸ਼ ਕਰਨ ਦਾ ਵਾਅਦਾ ਕੀਤਾ ਹੈ।
ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਵਾਉਣ, ਸੂਬੇ ਦੇ ਹੈੱਡਵਰਕਸ ਦਾ ਕੰਟਰੋਲ ਕੇਂਦਰ ਕੋਲੋ ਵਾਪਸ ਲੈਣ, ਪੰਜਾਬ ਦੇ ਪਾਣੀਆਂ ਦਾ ਹੱਕ ਲੈਣ ਵਾਸਤੇ ਸਮੂਹ ਧਿਰਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬੀਆਂ ਦੀਆਂ ਇਹ ਮੰਗਾਂ ਸ਼੍ਰੋਮਣੀ ਅਕਾਲੀ ਦਲ ਛੱਡ ਚੁੱਕਾ ਹੈ। ਇਸ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ, ਫਸਲੀ ਬੀਮੇ, ਸਬਸਿਡੀਆਂ ਜਾਰੀ ਰੱਖਣਾ ਤੇ ਖੇਤੀ ਲਈ ਮੁਫਤ ਟਿਉਬਵੈੱਲ ਬਿਜਲੀ ਤੇ ਮੁਫਤ ਨਹਿਰੀ ਪਾਣੀ ਮੁੱਹਈਆ ਕਰਨਾ, ਬੇਰੁਜ਼ਗਾਰੀ ਦੂਰ ਕਰਨਾ ਤੇ ਸਨਅਤਾਂ ਦੀ ਸਥਾਪਤੀ ਲਈ ਯਤਨ ਕਰਨ ਦਾ ਭਰੋਸਾ ਦਿਤਾ ਹੈ।
ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਦਿਵਾਉਣ, ਸ਼੍ਰੋਮਣੀ ਕਮੇਟੀ ਚੋਣਾਂ ਹਰ ਪੰਜ ਸਾਲ ਮਗਰੋਂ ਕਰਵਾਉਣ ਨੂੰ ਯਕੀਨੀ ਬਣਾਉਣ ਤੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਉਣ ਲਈ ਯਤਨ ਕਰਨ ਸਮੇਤ ਵਿਦਿਆ ਦੇ ਖੇਤਰ ਵਿਚ ਵੱਡੇ ਸੁਧਾਰ ਕਰਨ ਲਈ ਨਵੀਂ ਵਿਦਿਅਕ ਨੀਤੀ ਲਿਆਉਣ ਦਾ ਵਾਅਦਾ ਸ਼ਾਮਲ ਹੈ।
ਨਸ਼ਿਆਂ ਨੂੰ ਖ਼ਤਮ ਕਰਨਾ, ਸਿਹਤ ਸੇਵਾਵਾਂ ਦੇ ਖੇਤਰ ਵਿਚ ਵੱਡੇ ਸੁਧਾਰ ਕਰਦਿਆਂ ਗਰੀਬਾਂ ਲਈ ਮੁਫਤ ਇਲਾਜ ਤੇ ਮੁਫ਼ਤ ਦਵਾਈਆਂ ਦੀ ਸਹੂਲਤ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਮੁਲਾਜ਼ਮਾਂ ਦੀ ਭਲਾਈ ਵਾਸਤੇ ਠੇਕਾ ਭਰਤੀ ਸਿਸਟਮ ਨੂੰ ਖ਼ਤਮ ਕਰਨਾ ਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਲਾਗੂ ਕਰਨਾ, ਪ੍ਰਦੂਸ਼ਣ ਨੂੰ ਰੋਕਣ ਤੇ ਜ਼ਮੀਨ ਹੇਠਲੇ ਪਾਣੀ ਨੂੰ ਹੋਰਾਂ ਹੇਠਾਂ ਜਾਣ ਤੋਂ ਰੋਕਣ ਦੇ ਯਤਨ ਕਰਨ ਸਮੇਤ ਕੁਲ 22 ਵਾਅਦੇ ਸ਼ਾਮਲ ਹਨ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …