ਸਮਾਜ ਸੇਵੀ ਸੰਸਥਾਵਾਂ ਦਾ ਸਮਾਜ ਦੀ ਸੁੱਖ-ਸ਼ਾਂਤੀ ਤੇ ਵਿਕਾਸ ’ਚ ਵੱਡਾ ਯੋਗਦਾਨ ਰਹਿੰਦਾ ਹੈ। ਅੱਜ ਜਦੋਂ ਹਰ ਪਾਸੇ ਮਹਿੰਗਾਈ ਦਾ ਬੋਲ-ਬਾਲਾ ਹੈ ਅਤੇ ਖ਼ਾਸ ਕਰਕੇ ਸਿਹਤ, ਸਿੱਖਿਆ ਵਰਗੀਆਂ ਸਹੂਲਤਾਂ ਗਰੀਬ ਆਦਮੀ ਦੀ ਪਹੁੰਚ ’ਚੋਂ ਬਾਹਰ ਹੋ ਗਈਆਂ ਹਨ, ਉਸ ਸਮੇਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਨਾਂ ਖੇਤਰਾਂ ’ਚ ਗਰੀਬਾਂ ਦੀ ਸਹਾਇਤਾ ਲਈ ਕੀਤੇ ਜਾਂਦੇ ਕਾਰਜ ਤੇ ਲਾਏ ਜਾਂਦੇ ਕੈਂਪ, ਗਰੀਬ ਵਰਗ ਲਈ ਵੱਡੀ ਰਾਹਤ ਹਨ।
ਸੇਵਾ ਨੂੰ ਸਿੱਖੀ ਨੇ ਸਭ ਤੋਂ ਉੱਤਮ ਮੰਨਿਆ ਹੈ ਅਤੇ ਸੱਚੀ-ਸੁੱਚੀ ਭਾਵਨਾ ਨਾਲ ਸੇਵਾ ਕਰਨ ਵਾਲੇ ਇਨਸਾਨ ਨੂੰ ਆਪਣਾ ਲੋਕ-ਪ੍ਰਲੋਕ ਸੁਆਰ ਲੈਣ ਦੇ ਸਮਰੱਥ ਦੱਸਿਆ ਹੈ। ਇਸ ਲਈ ਸਿੱਖੀ ’ਚ ਲੰਗਰ ਦੀ ਪ੍ਰਥਾ ਤੇ ਮਾਨਵਤਾ ਦੀ ਸੇਵਾ ਦੀ ਲਹਿਰ ਸਭ ਤੋਂ ਮਹਾਨ ਮੰਨੀਆਂ ਗਈਆਂ ਹਨ। ਪ੍ਰੰਤੂ ਅੱਜ ਜਦੋਂ ਹਰ ਪਾਸੇ ਪਦਾਰਥਵਾਦ ਦਾ ਬੋਲ-ਬਾਲਾ ਹੈ, ਮਨੁੱਖ ’ਚ ਨਿੱਜੀ ਹੳੂਮੈ ਸਿਖ਼ਰਾਂ ਤੇ ਹੈ ਅਤੇ ਨਾਮ ਦੀ ਭੁੱਖ ਲੋੜ ਤੋਂ ਵੱਧ ਗਈ ਹੈ, ਉਸ ਸਮੇਂ ਸੇਵਾ, ਨਿਰਸੁਆਰਥ ਨਹੀਂ ਰਹਿ ਗਈ, ਇਹ ਵੀ ਆਡੰਬਰ ’ਚ ਬਦਲ ਗਈ ਹੈ। ਸੇਵਾ ਕਰਨ ਤੋਂ ਪਹਿਲਾ, ਸੇਵਾ ਕਰਨ ਨਾਲ ਕੀ ਪ੍ਰਾਪਤੀ ਹੋਵੇਗੀ, ਕਿੰਨਾ ਕੁ ਨਾਮ ਚਮਕੇਗਾ ਅਤੇ ਕਿੰਨੀ ਕੁ ਬੱਲੇ-ਬੱਲੇ ਹੋਵੇਗੀ ਅਤੇ ਮੀਡੀਏ ਨੇ ਕਿੰਨਾ ਕੁ ਚਮਕਾਉਣਾ ਹੈ, ਇਨਾਂ ਸਾਰੇ ਤੱਥਾਂ ਦੀ ਡੰੂਘਾਈ ਨਾਲ ਪੁਣ-ਛਾਣ ਕੀਤੀ ਜਾਂਦੀ ਹੈ ਅਤੇ ਉਸਤੋਂ ਬਾਅਦ ਹੀ ‘ਸੇਵਾ’ ਦਾ ਪ੍ਰੋਜੈਕਟ ਆਰੰਭਿਆ ਜਾਂਦਾ ਹੈ।
ਸਮਾਜ ਸੇਵੀ ਸੰਸਥਾਵਾਂ ਅੱਜ ਹਰ ਪਿੰਡ, ਕਸਬੇ ਤੇ ਸ਼ਹਿਰਾਂ ’ਚ ਵੱਡੀ ਗਿਣਤੀ ’ਚ ਸਥਾਪਿਤ ਹਨ ਅਤੇ ਉਹ ਸਮਾਜ ਸੇਵਾ ’ਚ ਆਪਣਾ ਯੋਗਦਾਨ ਪਾਉਂਦੀਆਂ ਹਨ, ਪ੍ਰੰਤੂ ਇਹ ਸੰਸਥਾਵਾਂ ਵੀ ਸ਼ੋਹਰਤ ਦੀ ਭੁੱਖ ਤੋਂ ਅਛੂਤੀਆਂ ਨਹੀਂ ਹਨ। ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਜਿਸ ਤਰਾਂ ਇਸ ਤਰਾਂ ਦੇ ਸਮੂਹਿਕ ਵਿਆਹਾਂ ਨੂੰ ਸਮਾਜ ਸੇਵੀ ਸੰਸਥਾ ਵੱਲੋਂ ਪ੍ਰਚਾਰਿਆ ਜਾਂਦਾ ਹੈ ਅਤੇ ਲੜਕੀ ਨੂੰ ਦਿੱਤੇ ਜਾਣ ਵਾਲੇ ‘ਸਮਾਨ’ ਤੇ ਸੰਸਥਾ ਦਾ ਨਾਮ ਉਕਰਿਆ ਜਾਂਦਾ ਹੈ, ਫੋਟੋਆਂ ਛਪਵਾਈਆਂ ਜਾਂਦੀਆਂ ਹਨ, ਉਸ ਨਾਲ ਇਕ ਹੀਣ ਭਾਵਨਾ ਸਾਰੀ ਉਮਰ ਉਸ ਲੜਕੀ ਦੇ ਮਨ ’ਚ ਜ਼ਰੂਰ ਬਣੀ ਰਹਿੰਦੀ ਹੈ, ਜਿਸਦਾ ਅਹਿਸਾਸ, ਸੇਵਾ ਦੇ ਨਾਮ ’ਤੇ ਅਜਿਹਾ ਪਰਉਪਕਾਰ ਕਰਨ ਵਾਲਿਆਂ ਨੂੰ ਸ਼ਾਇਦ ਨਹੀਂ ਹੁੰਦਾ।
ਮੈਡੀਕਲ ਕੈਂਪ ਲਾਉਣੇ ਅੱਜ ਦੇ ਮਹਿੰਗੀਆਂ ਸਿਹਤ ਸਹੂਲਤਾਂ ਵਾਲੇ ਸਮੇਂ ’ਚ ਬੇਹੱਦ ਜ਼ਰੂਰੀ ਹਨ, ਪ੍ਰੰਤੂ ਜਿਸ ਤਰਾਂ ਮੈਡੀਕਲ ਕੈਂਪ ਨੂੰ ਵੀ ਸਮਾਜ ਸੇਵੀ ਸੰਸਥਾ ਵੱਲੋਂ ‘ਸ਼ੋਹਰਤ ਕੈਂਪ’ ’ਚ ਬਦਲਿਆ ਜਾਂਦਾ ਹੈ, ਕਿਸੇ ਵਿਸ਼ੇਸ਼ ਵਿਅਕਤੀ ਨੂੰ ਉਦਘਾਟਨ ਲਈ ਬੁਲਾਇਆ ਜਾਂਦਾ ਹੈ ਅਤੇ ਫ਼ਿਰ ਉਸਦੀ ਉਡੀਕ ’ਚ ਕੈਂਪ ’ਚ ਪੁੱਜੇ ਮਰੀਜ਼ਾਂ ਤੱਕ ਨੂੰ ਲੰਬੀ ਉਡੀਕ ਕਰਨੀ ਪੈਂਦੀ ਹੈ, ਉਸ ਨਾਲ ਨਿਰਸੁਆਰਥ ਸੇਵਾ ਭਾਵਨਾ ਦੀ ਤੌਹੀਨ ਹੁੰਦੀ ਹੈ। ਦਾਨ ਦੇਣਾ ਅਤੇ ਵਿਖਾਵਾ ਕਰਨਾ ਦੋਵੇਂ ਆਪਾ ਵਿਰੋਧੀ ਹਨ, ਇਸ ਲਈ ਦਾਨ ਕਰਨ ਜਾਂ ਸੇਵਾ ਕਰਨ ਦਾ ਵਿਖਾਵਾ ਕਰਨ ਵਾਲਾ, ਹਉਮੈ ਦਾ ਸ਼ਿਕਾਰ ਹੁੰਦਾ ਹੈ ਜਿਥੇ ਹਉਮੈ ਆ ਜਾਂਦੀ ਹੈ, ਉਥੇ ਸੇਵਾ ਭਾਵਨਾ ਉੱਡ-ਪੁੱਡ ਜਾਂਦੀ ਹੈ।
ਅਸੀਂ ਚਾਹੁੰਦੇ ਹਾਂ ਕਿ ਅੱਜ ਜਦੋਂ ਮਹਿੰਗਾਈ ਦਾ ਬੋਲ-ਬਾਲਾ ਹੈ, ਗਰੀਬੀ ਅਤਿ ਦਰਜੇ ਦੀ ਹੋ ਚੁੱਕੀ ਹੈ, ਉਸ ਸਮੇਂ ਸਮਾਜ ਸੇਵੀ ਸੰਸਥਾਵਾਂ ਦਾ ਗਰੀਬ ਦੀ ਬਾਂਹ ਫੜਨ ਲਈ ਅੱਗੇ ਆਉਣਾ ਅਤਿ ਜ਼ਰੂਰੀ ਹੈ, ਪ੍ਰੰਤੂ ਉਨਾਂ ’ਚ ਹਲੀਮੀ, ਨਿਮਰਤਾ ਤੇ ਤਿਆਗ ਦੀ ਭਾਵਨਾ ਵੀ ਉਸ ਤੋਂ ਵਧੇਰੇ ਜ਼ਰੂਰੀ ਹੈ। ਜੇ ਸਮਾਜ ਸੇਵੀ ਸੰਸਥਾਵਾਂ ਲੋੜਵੰਦ ਦੀ ਸੇਵਾ ਨੂੰ ਆਪਣਾ ਮਿਸ਼ਨ ਬਣਾ ਲੈਣ ਅਤੇ ਚੁੱਪ-ਚੁਪੀਤੇ ਸੇਵਾ ਦੇ ਕਾਰਜ ’ਚ ਜੁੱਟੀਆਂ ਰਹਿਣ ਤਾਂ ਵਿਖਾਵੇ ਵਾਲੀ ਸੇਵਾ ਨਾਲੋਂ ਕਈ ਗੁਣਾ ਵਧੇਰੇ ਚੰਗੇ ਨਤੀਜੇ ਪ੍ਰਾਪਤ ਕਰ ਸਕਦੀਆਂ ਹਨ। ਅੱਜ ਸ਼ੋਹਰਤ, ਲੀਡਰੀ ਤੇ ਨਾਮ ਕਮਾਉਣ ਦਾ ਯੁੱਗ ਹੈ, ਪ੍ਰੰਤੂ ਸੇਵਾ ਨੂੰ ਇਸ ਤੋਂ ਅਛੂਤਾ ਰੱਖਣਾ ਜ਼ਰੂਰੀ ਹੈ। ਅਸੀਂ ਚਾਹੁੰਦੇ ਹਾਂ ਕਿ ਸਮਾਜ ਸੇਵਾ ਦੇ ਖੇਤਰ ’ਚ ਉਹ ਲੋਕ ਹੀ ਆਉਣ ਜਿੰਨਾਂ ਦੇ ਮਨ ’ਚ ਮਨੁੱਖਤਾ ਪ੍ਰਤੀ ਦਰਦ ਹੈ ਅਤੇ ਉਹ ਇਸ ਦਰਦ ਨੂੰ ਦੂਰ ਕਰਨ ਲਈ ਆਪਣਾ ਹਰ ਹੀਲਾ ਵਸੀਲਾ ਵਰਤਣ ਲਈ ਤਿਆਰ-ਬਰ-ਤਿਆਰ ਹਨ। ਫੋਕੇ ਕਰਮਕਾਂਡਾਂ ਦੀ ਸਿੱਖੀ ’ਚ ਕੋਈ ਥਾਂ ਨਹੀਂ। ਗੁਰੂ ਸਾਹਿਬਾਨ ਤੇ ਗੁਰਬਾਣੀ ਨੇ ਫੋਕੇ ਕਰਮਕਾਂਡ ਦੀ ਵਿਆਪਕ ਨਿਖੇਧੀ ਕੀਤੀ ਹੈ।
ਆਪਣੇ ਲਈ ਜਿੳੂਣਾ, ਜਿੳੂਣਾ ਨਹੀਂ ਹੁੰਦਾ, ਦੁਨੀਆ ਉਨਾਂ ਨੂੰ ਹੀ ਯਾਦ ਕਰਦੀ ਹੈ, ਜਿਹੜੇ ਦੂਜੇ ਲਈ ਜਿੳੂਂਦੇ ਹਨ, ਦੂਜਿਆਂ ਦੇ ਕੰਮ ਆਉਂਦੇ ਹਨ। ਸਿੱਖ ਇਤਿਹਾਸ ’ਚ ਭਗਤ, ਸੂਰਮੇ ਤੇ ਦਾਨੀ ਨੂੰ ਹੀ ਅਸਲ ’ਚ ਇਨਸਾਨ ਮੰਨਿਆ ਗਿਆ ਹੈ ਅਤੇ ਗੁਰੂ ਸਾਹਿਬ ਨੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’, ਦੇ ਬੁਨਿਆਦੀ ਸਿਧਾਂਤ ਨੂੰ ਹਰ ਸਿੱਖ ਦੀ ਝੋਲੀ ਪਾਇਆ ਸੀ। ਲੋੜ ਹੈ ਕਿ ਸਮਾਜ ਸੇਵਾ ਪ੍ਰਤੀ ਹਰ ਸਮਰੱਥ ਵਿਅਕਤੀ ਪੂਰਾ-ਪੂਰਾ ਝੁਕਾਓ ਰੱਖੇ ਅਤੇ ਤਨ, ਮਨ, ਧਨ ਤੋਂ ਸਮਾਜ ਸੇਵਾ ਨੂੰ ਸਮਰਪਿਤ ਰਹੇ, ਪ੍ਰੰਤੂ ਵਿਖਾਵੇ ਤੇ ਨਿੱਜੀ ਹਉਮੈ ਦੇ ਮੁਲੰਮੇ ਤੋਂ ਆਪਣੇ-ਆਪ ਨੂੰ ਦੂਰ ਰੱਖੇ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …