ਵਿਅੰਗ , ਹਾਸ ਰਸ ਦਾ ਇੱਕ ਭੇਦ ਹੈ ਜੋ ਹਾਸੇ ਤੋਂ ਅੱਗੇ ਬੌਧਿਕ ਚਤੁਰਾਈ ਨਾਲ ਪਾਠਕ/ਸ੍ਰੋਤੇ ਨੂੰ ਅਚੰਭੇ ਨਾਲ ਚੇਤੰਨ ਕਰਦਾ ਹੈ । ਪੰਜਾਬੀ ਲੋਕ ਸਾਹਿਤ , ਜਿਸ ਦਾ ਜਨਮ ਮਨੁੱਖੀ ਭਾਸ਼ਾ ਨਾਲ ਹੀ ਹੋ ਜਾਂਦਾ ਹੈ , ਵਿੱਚ ਹਾਜ਼ਰ ਜਵਾਬੀ , ਟਿੱਚਰ , ਭਾਸ਼ਾ ਦੇ ਟੇਢੇ ਪ੍ਰਯੋਗ ਅਤੇ ਕਿਸੇ ਅਗਲੇਰੇ ਅਰਥਾਂ ਦੀ ਟੁਣਕਾਰ ਦੇਣ ਵਾਲੇ ਵਿਅੰਗ ਦੀ ਇੱਕ ਲੰਮੀ ਪਰੰਪਰਾ ਹੈ ।
ਖਾਧਾ ਪੀਤਾ ਲਾਹੇ ਦਾ
ਰਹਿੰਦਾ ਅਹਿਮਦ ਸ਼ਾਹੇ ਦਾ ।
ਇਸ ਲੋਕ ਅਖਾਣ ਤੋਂ ਪੰਜਾਬੀ ਜੀਵਨ-ਜਾਚ ਦੇ ਤਿੰਨ ਮਹੱਤਵਪੂਰਨ ਨੁਕਤੇ ਉੱਭਰਦੇ ਹਨ । ਪਹਿਲਾ ਕਿ ਪੰਜਾਬੀ ਵਰਤਮਾਨ ਵਿੱਚ ਜਿਊਂਦਾ ਹੈ , ਦੂਜਾ , ਸੁਭਾਅ ਵਜੋਂ ਉਹ ਦਲੇਰ , ਲਾਪਰਵਾਹ , ਹੱਸਮੁਖ , ਖੁੱਲ੍ਹਾ-ਡੁੱਲ੍ਹਾ ਅਤੇ ਬੇਖੌਫ਼ ਹੈ ਜੋ ਆਪਣੇ ਬਾਰੇ ਵੀ ਤਨਜ਼ ਕੱਸ ਸਕਦਾ ਹੈ । ਤੀਜਾ ਨੁਕਤਾ , ਪੰਜਾਬੀਆਂ ਦੀ ਇਤਿਹਾਸ ਵਿੱਚ ਹੋਈ ਲਗਾਤਾਰ ਲੁੱਟ-ਖਸੁੱਟ ਬਾਰੇ ਉੱਭਰਦਾ ਹੈ ਜਿਸ ਦਾ ਕਾਰਨ ਪੰਜਾਬ ਦੀ ਭੂਗੋਲਿਕ ਸਥਿਤੀ ਹੈ ਕਿ ਭਾਰਤ ਵਿੱਚ ਆਉਣ ਵਾਲਾ ਹਰ ਧਾੜਵੀ ਪੰਜਾਬ ਵਿੱਚੋਂ ਪ੍ਰਵੇਸ਼ ਕਰਦਾ ਅਤੇ ਹਰ ਧਾੜਵੀ ਦਾ ਪਹਿਲਾ ਹੱਲਾ ਪੰਜਾਬੀ ਝੱਲਦੇ , ਜਿਸ ਸਦਕਾ ਉਹ ਜੁਗ-ਗਰਦੀਆਂ ਲਈ ਤਿਆਰ ਰਹਿਣ ਦੀ ਮਨੋਬਿਰਤੀ ਵਾਲਾ , ਵਸਤਾਂ ਨੂੰ ਸੰਜੋਣ ਦੀ ਬਜਾਏ ਵਰਤ ਕੇ ਲਾਹਾ ਲੈਣ ਭਾਵ ਵਰਤਮਾਨ ਨੂੰ ਜਿਊਂਣ ਵਾਲਾ ਬਣ ਗਿਆ । ਲਗਾਤਾਰ ਸੰਘਰਸ਼ `ਚੋਂ ਉਹ ‘ ਮੌਤ ਨੂੰ ਮਖੌਲਾਂ’ ਕਰ ਸਕਦਾ ਹੈ ਅਤੇ ਜ਼ਿੰਦਗੀ ਦੀਆਂ ਬਹੁਤੀਆਂ ਤਲਖ਼ੀਆਂ ਅਤੇ ਮੁਸੀਬਤਾਂ ਨੂੰ ਟਿੱਚ ਕਰ ਕੇ ਜਾਣਦਾ ਹੈ । ਹਮਲਿਆਂ ਦੇ ਜਵਾਬ ਲਈ ਤਿਆਰ ਰਹਿੰਦੇ-ਰਹਿੰਦੇ ਉਹ ਹਾਜ਼ਰ ਜਵਾਬ ਵੀ ਹੋ ਗਿਆ ਅਤੇ ਹਮੇਸ਼ਾਂ ਲੁੱਟੇ ਜਾਣ ਦੇ ਸੰਕਟ ਵਿੱਚੋਂ ਜ਼ਿੰਦਗੀ ਤੇ ਵੀ ਤਨਜ਼ ਕੱਸ ਸਕਣ ਵਾਲੇ ਇਹਨਾਂ ਪੰਜਾਬੀਆਂ ਦੇ ਵਿਅੰਗ ਦਾ ਅੰਦਾਜ਼ਾ ਇਸ ਲੋਕ ਸਾਹਿਤ ਵਰਗੇ ਮੁਢਲੇ ਭਾਸ਼ਾਈ ਸ੍ਰੋਤ ਤੋਂ ਲਗਾਇਆ ਜਾ ਸਕਦਾ ਹੈ ।
ਢੋਡਰ ਕਾਂ , ਘੜੰਮ ਚੌਧਰੀ , ਕਲਹਿਰੀ ਮੋਰ , ਕਾਗ਼ਜ਼ੀ ਭਲਵਾਨ , ਲਾਈਲਗ ਵਰਗੇ ਅਨੇਕਾਂ ਟੇਢੇ ਨਾਂ ਪੰਜਾਬੀ ਭਾਸ਼ਾ ਵਿੱਚ ਲੋਕ ਪ੍ਰਯੋਗ ਕਰਦੇ ਹਨ । ਕਹਿੰਦੇ ਇੱਕ ਵਾਰ ਰਾਤ ਨੂੰ ਇੱਕ ਨਿੱਕੇ ਨਿਆਣੇ ਨੂੰ ਪਿਸ਼ਾਬ ਆਇਆ ਤੇ ਉਹ ਉੱਠ ਕੇ ਵਿਹੜੇ ’ ਚ ਕਰ ਗਿਆ । ਸਵੇਰੇ ਮੂੰਹ- ਹਨੇਰੇ ਘਰ ਦਾ ਇੱਕ ਜੀਅ ਖੇਤੋਂ ਪਾਣੀ ਲਾ ਕੇ ਮੁੜਿਆ ਤਾਂ ਹਨੇਰੇ ਵਿੱਚ ਪਿਸ਼ਾਬ ਦੀ ਲੀਕ ਉਹਨੂੰ ਸੱਪ ਵਰਗੀ ਲੱਗੀ , ਉਹ ਰੌਲਾ ਪਾਉਣ ਲੱਗ ਪਿਆ ਤੇ ਲੀਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਮੁੜ ਉਸ ਦਾ ਨਾਂ ਮੂਤਕੁੱਟ ਪੈ ਗਿਆ ਅਤੇ ਇਹ ਅੱਲ ਕਈ ਪੀੜ੍ਹੀਆਂ ਉਸ ਪਰਿਵਾਰ ਨਾਲ ਲੱਗਦੀ ਰਹੀ । ਅਜਿਹੀਆਂ ਅਨੇਕਾਂ ਅੱਲਾਂ ਜਿਵੇਂ ਵਲਾਇਤੀਏ , ਸ਼ਹਿਰੀਏ , ਜੁਆਰੀਏ , ਕੁੜੀਮਾਰ , ਭਾਨੀਮਾਰ , ਭਰਮੀ ਆਦਿ ਪੰਜਾਬੀ ਲੋਕ-ਭਾਸ਼ਾ ਦਾ ਹਿੱਸਾ ਹਨ । ਮੁਹਾਵਰੇ ਅਤੇ ਅਖਾਣ ਲੋਕ ਸਾਹਿਤ ਦੀ ਖਾਣ ਹਨ ਜਿਹੜੇ ਤਜਰਬਿਆਂ ’ ਚੋਂ ਸੱਚ ਨੂੰ ਰਿੜਕਦੇ ਹੋਏ ਲੋਕ-ਤੱਤ ਕੱਢਦੇ ਹਨ । ਉੱਠ ਨੀ ਧੀਏ ਨਿੱਸਲ ਹੋ , ਚੁੱਲ੍ਹਾ ਛੱਡ ਤੇ ਚੱਕੀ ਝੋ/ਧੀਏ ਨੀ ਤੂੰ ਕੰਮ ਕਰ , ਨੂੰਹੇ ਨੀ ਤੂੰ ਕੰਨ ਕਰ/ਜੋੜ ਜੋੜ ਮਰ ਜਾਣਗੇ ਤੇ ਮਾਲ ਜੁਆਈ ਖਾਣਗੇ , ਅੰਨਾ ਵੰਡੇ ਸ਼ੀਰਨੀਆਂ , ਮੁੜ ਮੁੜ ਆਪਣਿਆਂ ਨੂੰ/ਪਾਣੀ ਪੀ ਕੇ ਜਾਤ ਪੁੱਛਣਾ ਵਰਗੀਆਂ ਅਨੇਕਾਂ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ ਜੋ ਵਿਅੰਗ ਰਾਹੀਂ ਲੋਕ- ਤੱਤ-ਸਾਰ ਉਜਾਗਰ ਕਰਦੀਆਂ ਹਨ । ਹਾਸ-ਵਿਅੰਗ ਭਰਪੂਰ ਸ਼ਬਦਾਵਲੀ ਪੱਖੋਂ ਜੇ ਦੇਖਣਾ ਹੋਵੇ ਤਾਂ ਨਿਹੰਗਾਂ ਦੇ ‘ ਬੋਲੇ’ ਕਮਾਲ ਦੇ ਹਨ ਜਿਵੇਂ ਤਿੱਤਰ ( ਕਰੇਲਾ ) , ਧਰਮ ਰਾਜ ਦੀ ਧੀ ( ਨੀਂਦ ) , ਰੱਜੀ ( ਕੜਛੀ ) । ਲੱਡੂ ( ਟਿੰਡੇ ) , ਸੁੰਦਰੀ ( ਝਾੜੂ ) , ਅਰਸ਼ੀ ਪਰੀ ( ਬੱਕਰੀ ) , ਸਵਾ ਲਖ ਫ਼ੌਜ ( ਇਕੱਲਾ ਸਿੰਘ ) ਖੋਤਾ ਚੁੰਘਣੀ ( ਸਿਗਰਟ ਪੀਣੀ ) ਆਦਿ ਅਨੇਕਾਂ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ । ਇਹ ਬੋਲੇ ਵਿਅੰਗ ਲੋਕ ਸਾਹਿਤ ਦੀ ਅਮੀਰੀ ਹਨ । ਬੁਝਾਰਤਾਂ ਵਿੱਚੋਂ ਵੀ ਹਾਸ-ਵਿਅੰਗ ਦੀ ਝਲਕ ਦੇਖੀ ਜਾ ਸਕਦੀ ਹੈ । ਕੋਠੇ ਚੜ੍ਹੀ ਕਿਉਂ ? ਖੂਹੇ ਚੜ੍ਹੀ ਕਿਉਂ ( ਲੱਜ ਬਿਨਾਂ ) , ਬਾਪੂ ਦੇ ਕੰਨ ’ ਚ ਬੇਬੇ ਵੜ ਗੀ ( ਜਿੰਦਾ-ਕੁੰਜੀ ) ਵਰਗੀਆਂ ਬੁਝਾਰਤਾਂ ਇੱਕ ਵਾਰ ਦਿਮਾਗ਼ ਨੂੰ ਚਕਰਾ ਕੇ ਰੱਖ ਦਿੰਦੀਆਂ ਹਨ ।