“ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ”
ਅੱਜ ਸਰਦਾਰ ਕਰਤਾਰ ਸਿੰਘ ਸਰਾਭੇ ਦਾ ਜਨਮ ਦਿਹਾੜਾ ਹੈ। ਅਸੀਂ ਉਹਨਾਂ ਬਾਰੇ ਸੰਖੇਪ ਜਾਣਕਾਰੀ ਸਮੇਤ ਉਹਨਾਂ ਦੇ ਉਸ ਘਰ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੋ ਕਿ ਪਿੰਡ ਸਰਾਭਾ ਜਿਲਾ ਲੁਧਿਆਣਾ ਵਿਚ ਉਹਨਾਂ ਦਾ ਜੱਦੀ ਘਰ ਹੈ। ਅਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਬੇਨਤੀ ਕਰਦੇ ਹਾਂ ਤਾਂ ਜੋ ਉਹਨਾਂ ਦੇ ਜੀਵਨ-ਸ਼ਹੀਦੀ ਸਮੇਤ ਉਹਨਾਂ ਦੇ ਇਸ ਘਰ ਨੂੰ ਸਾਰੇ ਦੇਖ ਸਕਣ ਜਿਨਾਂ ਨੇ ਉਹਨਾਂ ਦਾ ਘਰ ਨਹੀਂ ਦੇਖਿਆ। ਸਰਦਾਰ ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਖਿਲਾਫ ਚਲਾਈ ਗਈ ਗ਼ਦਰ ਲਹਿਰ ਦਾ ਮੁੱਖ ਹਿੱਸਾ ਸਨ। ਉਨ੍ਹਾਂ ਦਾ ਜਨਮ 24 ਮਈ 1896 ਵਿੱਚ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਸ: ਮੰਗਲ ਸਿੰਘ ਜੀ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। 1912 ਵਿੱਚ ਉਹ ਅਮਰੀਕਾ ਦੇ ਸਾਨ ਫਰਾਂਸਿਸਕੋ ਪੜ੍ਹਨ ਗਏ ਸਨ ਜਿੱਥੇ ਉਹ ਗ਼ਦਰ ਪਾਰਟੀ ਨਾਲ ਜੁੜੇ। 1915 ਵਿੱਚ ਭਾਰਤ ਵਿੱਚ ਵਾਪਸ ਆਏ ਅਤੇ ਬਰਤਾਨਵੀ ਸਰਕਾਰ ਖਿਲਾਫ਼ ਗਦਰ ਦੀ ਤਿਆਰੀ ਕਰਨ ਲੱਗੇ ਪਰ ਸਰਕਾਰ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗ ਗਿਆ ਅਤੇ 16 ਨਵੰਬਰ 1915 ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਉਮਰ ਕਾਫੀ ਘੱਟ ਸੀ ਜਦੋਂ ਭਾਰਤ ਪਰਤੇ ਸੀ। ਸਰਦਾਰ ਕਰਤਾਰ ਸਿੰਘ ਦੀ ਵਚਨਬੱਧਤਾ ਅਤੇ ਜਜ਼ਬਾ ਕਾਫੀ ਪ੍ਰਭਾਵ ਛੱਡਦਾ ਸੀ। ਗਦਰ ਪਾਰਟੀ ਦੇ ਵੱਡੇ ਆਗੂ ਗ੍ਰਿਫ਼ਤਾਰ ਹੋ ਚੁੱਕੇ ਸੀ ਜੋ ਲੋਕ ਇੱਥੇ ਭਾਰਤ ਆਏ ਸੀ ਉਨ੍ਹਾਂ ਦੇ ਕੰਮ ਨੂੰ ਪੂਰੀ ਤਰੀਕੇ ਨਾਲ ਤੈਅ ਯੋਜਨਾ ਤਹਿਤ ਪੂਰਾ ਕਰਨਾ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਜ਼ਿੰਮਵਾਰੀ ਸੀ। ਅੰਗਰੇਜ਼ ਹਕੂਮਤ ਆਪਣਾ ਇੱਕ ਝੋਲੀਚੁੱਕ, ਕਿਰਪਾਲ ਸਿੰਘ ਪਾਰਟੀ ਵਿੱਚ ਸ਼ਾਮਲ ਕਰਨ ਵਿੱਚ ਕਾਮਯਾਬ ਹੋ ਗਈ ਤੇ ਉਸ ਨੇ ਸਾਰੀ ਰਿਪੋਰਟ ਸਰਕਾਰ ਨੂੰ ਭੇਜਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ 21 ਫਰਵਰੀ ਵਾਲਾ ਗ਼ਦਰ ਫੇਲ੍ਹ ਹੋ ਗਿਆ। 19 ਫਰਵਰੀ ਨੂੰ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਗ੍ਰਿਫ਼ਤਾਰ ਕਰ ਲਏ। ਲਾਹੌਰ ਕਾਂਸਪਰੇਸੀ ਕੇਸ ਤਹਿਤ ਸਰਦਾਰ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ 17 ਲੋਕਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਸੀ। ਜੱਜ ਨੇ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, “ਜੇ ਤੂੰ ਮੁਆਫੀ ਮੰਗ ਲਏ ਤਾਂ ਅਸੀਂ ਤੇਰੀ ਸਜ਼ਾ ਮੁਆਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ।”
ਤਾਂ ਸਰਦਾਰ ਸਰਾਭੇ ਨੇ ਹਿੱਕ ਠੋਕ ਕੇ ਕਿਹਾ ਕਿ “ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਭਾਰਤ ਦੀ ਆਜ਼ਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ।” ਜੱਜ ਨੇ ਵੀ ਕਿਹਾ ਸੀ ਕਿ ਇਸ ਕੇਸ ਦੇ 61 ਮੁਲਜ਼ਮਾਂ ਵਿੱਚੋਂ ਸਭ ਤੋਂ ਖ਼ਤਰਨਾਕ ਕਰਤਾਰ ਸਿੰਘ ਸਰਾਭਾ ਹੈ ਇਸ ਲਈ ਉਸਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ ਤੇ ਅਖੀਰ ਸਰਦਾਰ ਸਰਾਭੇ ਨੂੰ ਫਾਂਸੀ ਦੇ ਦਿੱਤੀ ਗਈ। ਤੂਫ਼ਾਨਾਂ ਦਾ ਸ਼ਾਹ ਅਸਵਾਰ ਸਰਦਾਰ ਸਰਾਭਾ ਸਰਦਾਰ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਦਾ ਪ੍ਰੇਰਨਾਸ੍ਰੋਤ ਰਿਹਾ। ਭਗਤ ਸਿੰਘ ਦੀ ਜੇਬ ਵਿਚ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਫੋਟੋ ਹਮੇਸ਼ਾ ਹੁੰਦੀ ਸੀ। ਪਰ ਨਾਲ ਹੀ ਜਾਂਦੇ ਜਾਂਦੇ ਇਹ ਖਾਸ ਤੌਰ ਤੇ ਦੱਸ ਜਾਈਏ ਕਿ ਭਾਰਤ ਸਰਕਾਰ ਵਲੋਂ ਅਜੇ ਤੱਕ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਰੁਤਬਾ ਨਹੀਂ ਦਿੱਤਾ ਗਿਆ ਜੋ ਕਿ ਸ਼ਰਮ ਦੀ ਗੱਲ ਹੈ।