“ਪੁਲਿਸ ਨੇ ਮੈਨੂੰ ਅਤੇ ਮੇਰੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜੇਕਰ ਮੇਰੇ ਕੋਲੋਂ ਇੱਕ ਜਾਂ ਦੋ ਵਾਰ ਪੁਲਿਸ ਉੱਤੇ ਹਮਲੇ ਹੋ ਗਏ ਤਾਂ ਇਸ ਵਿਚ ਕੀ ਗ਼ਲਤ ਹੈ।”
ਇਹ ਕਹਿਣਾ ਹੈ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਆਟੋ ਚਲਾਉਣ ਵਾਲੇ ਸਰਬਜੀਤ ਸਿੰਘ ਦਾ।
ਸਰਬਜੀਤ ਸਿੰਘ ਉਹੀ ਆਟੋ ਡਰਾਈਵਰ ਹੈ ਜਿਸ ਦੀਆਂ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਸਰਬਜੀਤ ਪਹਿਲਾਂ ਪੁਲਿਸ ਵਾਲਿਆਂ ਮਗਰ ਤਲਵਾਰ ਲੈ ਕੇ ਦੌੜੇ ਇਸ ਮਗਰੋਂ ਦਿੱਲੀ ਪੁਲਿਸ ਦੇ ਕੁਝ ਕਰਮੀ ਉਸ ਦੀ ਬੁਰੀ ਤਰਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।
ਸਰਬਜੀਤ ਸਿੰਘ ਨੇ ਦੱਸਿਆ, “ਅਸੀਂ ਪੁਲਿਸ ਤੋਂ ਬਚਣ ਦੀ ਕਾਫ਼ੀ ਕੋਸਿਸ ਕੀਤੀ ਪਰ ਪੁਲਿਸ ਨੇ ਸਾਨੂੰ ਨਹੀਂ ਬਖ਼ਸ਼ਿਆ।”
ਦਿੱਲੀ ਪੁਲਿਸ ਮੁਤਾਬਕ ਸਰਬਜੀਤ ਸਿੰਘ ਵੱਲੋਂ ਉੱਥੇ ਮੌਜੂਦ ਪੁਲਿਸ ਕਰਮੀਆਂ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਜਦਕਿ ਸਰਬਜੀਤ ਸਿੰਘ ਦੀ ਦਲੀਲ ਹੈ ਕਿ ਪੁਲਿਸ ਨੇ ਉਸ ਨਾਲ ਪਹਿਲਾਂ ਬੁਰਾ ਵਿਵਹਾਰ ਕੀਤਾ ਅਤੇ ਉਸ ਦੀ ਅਤੇ ਉਸ ਦੇ 15 ਸਾਲਾ ਬੇਟੇ ਬਲਵੰਤ ਸਿੰਘ ਦੀ ਕੁੱਟਮਾਰ ਕੀਤੀ ਗਈ।