ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ ਮੌਸਮ ਵਿੱਚ ਹੋਈ ਸੀ। ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁਨੀਆ ਭਰ ਵਿੱਚ ਸਿੱਖ ਕੌਮ ਵੱਲੋਂ ਥਾਂ-ਥਾਂ ‘ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ। ਸਿੱਖ ਭਾਈਚਾਰੇ ਵੱਲੋਂ ਲਾਈਆਂ ਜਾਂਦੀਆਂ ਛਬੀਲਾਂ ਵਿੱਚ ਸਮਾਜ ਦਾ ਹਰ ਭਾਈਚਾਰਾ ਸੇਵਾ ਕਰਦਾ ਹੈ। ਪਿਛਲੇ ਸਮੇਂ ਦੌਰਾਨ ਸਿੱਖ ਇਤਿਹਾਸ ਵਿੱਚ ਛਬੀਲ ਦੇ ਇਤਿਹਾਸ ਸਬੰਧੀ ਕੁਝ ਮਤਭੇਦ ਪਾਇਆ ਜਾ ਰਿਹਾ ਹੈ। ਅੱਜ ਅਸੀਂ ਇਤਿਹਾਸਕ ਸਰੋਤਾਂ ਜ਼ਰੀਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਛਬੀਲ ਦਾ ਸਿੱਖ ਕੌਮ ਅੰਦਰ ਕੀ ਇਤਿਹਾਸ ਹੈ।
ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਛਬੀਲ ਦਾ ਮੁੱਢ ਮੁਸਲਿਮ ਭਾਈਚਾਰੇ ਤੋਂ ਬੱਝਿਆ ਸੀ। ਮੁਸਲਿਮ ਭਾਈਚਾਰੇ ਦੇ ਸ਼ੀਆ ਮੁਸਲਮਾਨ ਮੁਹੱਰਮ ਮਹੀਨੇ ਦੇ ਪਹਿਲੇ 10 ਦਿਨ ਇਮਾਮ ਹੁਸੈਨ ਦੀ ਯਾਦ ਵਿੱਚ ਛਬੀਲ ਲਾਉਂਦੇ ਸਨ। ਛਬੀਲ ਸ਼+ਆਬ+ਈਲ ਤੋਂ ਬਣਿਆ ਹੈ ਸ਼ ਤੋਂ ਭਾਵ ਮਿੱਠਾ, ਆਬ ਤੋਂ ਭਾਵ ਪਾਣੀ ਤੇ ਈਲ ਤੋਂ ਭਾਵ ਥਾਂ, ਅਰਥ ਮਿੱਠਾ ਪਾਣੀ ਪਿਆਉਣ ਦੀ ਥਾਂ ਨੂੰ ਛਬੀਲ ਕਹਿੰਦੇ ਹਨ।ਸਿੱਖ ਧਰਮ ਨਾਲ ਛਬੀਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਛਬੀਲਾਂ ਲਾਉਣ ਦੀ ਪਰੰਪਰਾ ਤੀਜੇ ਗੁਰੂ ਅਮਰਦਾਸ ਜੀ ਤੋਂ ਚੱਲੀ ਆ ਰਹੀ ਹੈ। ਉਨ੍ਹਾਂ ਵੇਲਿਆਂ ਵਿੱਚ ਕਾਬਲ ਰਹਿਣ ਵਾਲੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਤੇ ਵਿਚਾਰ ਸਰਵਣ ਕਰਨ ਆਉਂਦੀ ਤਾਂ ਗਰਮੀ ਦੇ ਦਿਨਾਂ ‘ਚ ਆਉਣ ਵਾਲੀ ਸੰਗਤ ਲਈ ਸਥਾਨਕ ਸੰਗਤਾਂ ਛਬੀਲ ਲਾਉਂਦੀਆਂ ਸਨ। ਗਰਮੀ ਵਿੱਚ ਮਿੱਠੇ ਨਾਲ ਸਰੀਰ ਨੂੰ ਊਰਜਾ ਮਿਲਣੀ ਵਿਗਿਆਨਕ ਤੇ ਮੈਡੀਕਲ ਤੱਥ ਹੈ। ਇਸ ਕਰਕੇ ਉਦੋਂ ਗੁੜ ਵਾਲਾ ਮਿੱਠਾ ਪਾਣੀ ਸੰਗਤ ਨੂੰ ਛਕਾਇਆ ਜਾਂਦਾ ਸੀ।

ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਵੀ 2 ਹਾੜ ਨੂੰ ਹੁੰਦੀ ਹੈ। ਹਾੜ ਦਾ ਮਹੀਨਾ ਗਰਮੀਆਂ ਦਾ ਸਭ ਤੋਂ ਤਪਦਾ ਮਹੀਨਾ ਹੁੰਦਾ ਹੈ। ਗੁਰੂ ਸਾਹਿਬ ਦੀ ਸ਼ਹਾਦਤ ਦੀ ਖਬਰ ਜਦੋਂ ਦੂਰ-ਦੁਰਾਡੇ ਦੀ ਸੰਗਤ ਨੂੰ ਪਹੁੰਚੀ ਤਾਂ ਸੰਗਤ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਤਮੀ ਤੌਰ ‘ਤੇ ਮਿਲਣ ਲਈ ਵਹੀਰਾਂ ਘੱਤ ਕੇ ਆਉਣ ਲੱਗੀ। ਆਵਾਜਾਈ ਦਾ ਸਾਧਨ ਨਾ ਹੋਣ ਕਾਰਨ ਲੋਕ ਪੈਦਲ ਹੀ ਯਾਤਰਾ ਕਰਦੇ ਸਨ। ਉਦੋਂ ਵੀ ਅੰਤਾਂ ਦੀ ਗਰਮੀ ਹੋਣ ਕਾਰਨ ਗੁਰੂ ਹਰਗੋਬਿੰਦ ਸਾਹਿਬ ਕੋਲ ਆਉਣ ਵਾਲੀ ਸੰਗਤ ਲਈ ਰਾਹ ਵਿੱਚ ਛਬੀਲਾਂ ਲਾਈਆਂ ਗਈਆਂ।ਕ ਤਾਂ ਅੱਤ ਦੀ ਗਰਮੀ ਵਿੱਚ ਇਹ ਪਿਆਸੀ ਮਨੁੱਖਤਾ ਦੀ ਵੱਡੀ ਸੇਵਾ ਸੀ। ਦੂਜਾ ਸਿੱਖਾਂ ਵੱਲੋਂ ਜਰਵਾਣਿਆਂ ਨੂੰ ਭਾਵਨਾਤਮਕ ਸੁਨੇਹਾ ਵੀ ਦਿੱਤਾ ਗਿਆ ਕਿ ਤੁਸੀਂ ਭਾਵੇਂ ਸਬਰ ਦੇ ਮੁਜੱਸਮੇ ਗੁਰੂ ਨੂੰ ਤੱਤੀ ਤਵੀ ਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਪਰ ਅਸੀਂ ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਪੂਰੀ ਲੋਕਾਈ ਨੂੰ ਵਰਤਾ ਕੇ ਭਾਣਾ ਮਿੱਠਾ ਕਰ ਕੇ ਮੰਨਣ ਦੀ ਜਾਚ ਸਿਖਾ ਰਹੇ ਹਾਂ। ਉਸ ਤੋਂ ਬਾਅਦ ਛਬੀਲ ਲਾਉਣ ਦੀ ਪਰੰਪਰਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਪੱਕੇ ਤੌਰ ‘ਤੇ ਜੁੜ ਗਈ ਜੋ ਅੱਜ ਵੀ ਬਾਦਸਤੂਰ ਜਾਰੀ ਹੈ।
ਅੱਜ ਆਧੁਨਿਕਤਾ ਦੇ ਯੁੱਗ ਵਿੱਚ ਮਨੱਖਤਾ ਦੀ ਸੇਵਾ ਦੇ ਭਾਵ ਨਾਲ ਸ਼ੁਰੂ ਕੀਤੀ ਗਈ ਛਬੀਲਾਂ ਲਾਉਣ ਦੀ ਪਰੰਪਰਾ ਮੰਗ ਕਰਦੀ ਹੈ ਕਿ ਮਿੱਠਾ ਪਾਣੀ ਪਿਆਉਣ ਵਾਲੀਆਂ ਥਾਵਾਂ ਉੱਥੇ ਬਣਾਈਆਂ ਜਾਣ ਜਿੱਥੇ ਇਨ੍ਹਾਂ ਦੀ ਲੋੜ ਹੈ। ਗਰੀਬਾਂ ਦੀ ਬਸਤੀਆਂ, ਪੇਂਡੂ ਇਲਾਕਿਆਂ ਦੇ ਪਛੜੇ ਸਕੂਲਾਂ ਤੇ ਛੋਟੇ ਹਸਪਤਾਲਾਂ ਵਿੱਚ ਆਰਓ ਸਹੂਲਤ, ਮਰੀਜ਼ਾਂ ਲਈ ਡਾਕਟਰੀ ਕੈਂਪ ਲਾਉਣੇ, ਇਰਾਕ ਵਰਗੇ ਦੇਸ਼ਾਂ ਵਿੱਚ ਲੋੜਵੰਦਾਂ ਦੇ ਮੂੰਹ ਵਿੱਚ ਅੰਨ ਪਹੁੰਚਾਉਣਾ, ਸੋਕੇ ਵਾਲੇ ਇਲਾਕਿਆਂ ਵਿੱਚ ਇਕੱਠੇ ਹੋ ਕੇ ਪਾਣੀ ਵਾਲੇ ਟੈਂਕਰ ਪਹੁੰਚਾਉਣੇ, ਗਰਮੀਆਂ ਵਿੱਚ ਪੰਛੀਆਂ ਤੇ ਜਾਨਵਰਾਂ ਲਈ ਪਾਣੀ ਦਾ ਪ੍ਰਬੰਧ ਕਰਨਾ ਆਦਿ ਸਭ ਛਬੀਲ ਦਾ ਹੀ ਰੂਪ ਹਨ। ਛਬੀਲ ਦੀ ਪਰੰਪਰਾ ਸਿੱਖ ਕੌਮ ਦੀ ਵਿਲੱਖਣ ਪਰੰਪਰਾ ਹੈ, ਇਹ ਬਾਦਸਤੂਰ ਰਹਿਣੀ ਅਤਿ ਲਾਜ਼ਮੀ ਹੈ ਬਸ਼ਰਤੇ ਇਸ ਦਾ ਸਰੂਪ ਅਸਲ ਵਿੱਚ ਮਾਨਵਤਾ ਦੀ ਸੇਵਾ ਹੋਵੇ