ਤੇ ਹੁਣ ਛਬੀਲ ਲਗਾਓਣ ਨੂੰ ਲੈ ਕੇ ਪੈ ਗਿਆ ਪੰਗਾ …Chabeel

ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ-ਕੋਸ਼ ਮੁਤਾਬਿਕ ‘ਛਬੀਲ’ ਅਰਬੀ ਦੇ ਲਫ਼ਜ਼ ‘ਸਬੀਲ’ ਦਾ ਪ੍ਰਾਕ੍ਰਿਤ ਰੂਪ ਹੈ, ਜੋ ਖ਼ਾਸ ਕਰਕੇ ਉਸ ‘ਪਉ’ ਅਥਵਾ ‘ਪਿਆਉ’ ਲਈ ਵਰਤਿਆ ਜਾਂਦਾ ਹੈ, ਜਿਹੜਾ ਮੁਸਲਮਾਨਾਂ ਵੱਲੋਂ ਮੁਹੱਰਮ ਦੇ ਪਹਿਲੇ 10 ਦਿਨਾਂ ਵਿੱਚ ਪਿਆਸਿਆਂ ਲਈ ਲਗਾਇਆ ਜਾਂਦਾ ਹੈ । ਇਸ ਦਾ ਅਰਥ ਹੈ- ਜਲ ਪੀਣ ਦਾ ਅਸਥਾਨ । ਇਸ ਵੇਰਵੇ ਤੋਂ ਇਹ ਪੱਖ ਵੀ ਸਪਸ਼ਟ ਹੁੰਦਾ ਹੈ ਕਿ ਅਜਿਹੀ ‘ਛਬੀਲ’ਪਰੰਪਰਾ ਦਾ ਪਿਛੋਕੜ ਇਸਲਾਮਿਕ ਹੈ, ਸਿੱਖੀ ਨਹੀਂ । ਕਿਉਂਕਿ ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ‘ਸਬੀਲ’ (ਛਬੀਲ) ਦੀ ਥਾਂ ‘ਪਿਆਉ’ ਲਫ਼ਜ਼ ਦਿੱਤਾ ਹੈ । ਅਤੇ ਦੂਜੇ, ਮੁਹੱਰਮ ਦੇ ਖ਼ਾਸ ਦਿਨਾਂ ਵਾਂਗ ਕੇਵਲ ਕੁਝ ਸਮੇਂ ਲਈ ਗਲ਼ੀਆਂ ਮਹੱਲਿਆਂ ਵਿੱਚ ਛਬੀਲਾਂ ਲਗਾਉਣ ਦੀ ਥਾਂ ਉਨ੍ਹਾਂ ਥਾਵਾਂ ਅਤੇ ਰਸਤਿਆਂ ਉਪਰ ‘ਪਿਆਉ’ ਲਗਾਉਣ ਦੀ ਪ੍ਰੇਰਨਾ ਕੀਤੀ ਹੈ, ਜਿਥੇ ਯਾਤਰੂਆਂ ਤੇ ਹੋਰ ਲੋਕਾਂ ਨੂੰ ਕੇਵਲ ਗਰਮੀ ਦੇ ਮੌਸਮ ਵਿੱਚ ਹੀ ਨਹੀਂ । ਸਗੋਂ ਹਰੇਕ ਸਮੇਂ ਪੀਣ ਲਈ ਪਾਣੀ ਮਿਲਣਾ ਅਸੰਭਵ ਹੋਵੇ । ਦਿੱਲੀ ਵਿੱਚ ਇਤਿਹਾਸਕ ਗੁਰਦੁਆਰਾ ‘ਨਾਨਕ ਪਿਆਉ’ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ, ਜਿਥੇ ਪਾਣੀ ਪਿਲਾਉਣ ਦੀ ਸੇਵਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਨਿਭਾਈ । ‘ਪਿਆਉ’ ਦਾ ਅਰਥ ਹੈ – ਉਹ ਥਾਂ, ਜਿਥੇ ਪਾਣੀ ਪਿਆਇਆ ਜਾਵੇ ।
ਇਥੇ ਪਹੁੰਚ ਕੇ ਇੱਕ ਪੱਖ ਹੋਰ ਵੀ ਪ੍ਰਗਟ ਹੁੰਦਾ ਹੈ ਕਿ ‘ਨਾਨਕੀ ਪਿਆਉ’ ਦੀ ਪਰੰਪਰਾ ਵਿੱਚ ਹੱਥੀਂ ਸੇਵਾ ਕਰਨ ਦਾ ਸਕੰਲਪ ਵੀ ਛੁਪਿਆ ਹੋਇਆ ਹੈ, ਜਿਹੜਾ ਕਿ ਛਬੀਲ ਦੀ ਇਸਲਾਮਿਕ ਪਰੰਪਰਾ ਵਿੱਚ ਨਹੀਂ । ਕਿਉਂਕਿ ਉਥੇ ਕੇਵਲ ਪਾਣੀ ਪੀਣ ਦੀ ਥਾਂ ਹੀ ਉਪਲਬਧ ਕਰਵਾਈ ਜਾਂਦੀ ਹੈ, ਹੱਥੀਂ ਪਿਲਾਉਣ ਦੀ ਭਾਵਨਾ ਨਹੀਂ । ਇਹੀ ਕਾਰਣ ਹੈ ਕਿ 19ਵੀਂ ਸਦੀ ਤਕ ਦੇ ਇਤਿਹਾਸ ਵਿੱਚ ਕਿਧਰੇ ਵੀ ਕੋਈ ਵਰਨਣ ਨਹੀਂ ਮਿਲਦਾ ਕਿ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਜਾਂ ਕਿਸੇ ਹੋਰ ਗੁਰਪੁਰਬ ਵੇਲੇ ਹੁਣ ਵਾਂਗ ਵਿਸ਼ੇਸ਼ ਛਬੀਲਾਂ ਲਗਾਈਆਂ ਗਈਆਂ ਹੋਣ ਤੇ ਲੋਕਾਂ ਨੂੰ ਘੇਰ ਘੇਰ ਕੇ ਭਾਂਤ ਭਾਂਤ ਦੇ ਸ਼ਰਬਤ ਪਿਲਾਏ ਗਏ ਹੋਣ । ਹਾਂ, ਗੁਰਇਤਿਹਾਸ ਵਿੱਚ ਐਸਾ ਵਰਨਣ ਤਾਂ ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ ਦੇ ਇਤਿਹਾਸ ਵੀ ਮਿਲਦਾ ਹੈ ਕਿ ਗਰਮੀ ਦੇ ਮੌਸਮ ਵਿੱਚ ਦੂਰ-ਦੁਰਾਡੇ ਤੋਂ ਆਈਆਂ ਸਿੱਖ ਸੰਗਤਾਂ ਲਈ ਕਦੀ ਕਦਾਈਂ ਗੁੜ ਤੇ ਜੌਆਂ ਦਾ ਸ਼ਰਬਤ ਬਣਾ ਕੇ ਜ਼ਰੂਰ ਪਿਲਾਇਆ ਜਾਂਦਾ ਸੀ, ਤਾਂ ਕਿ ਉਹ ਗਰਮੀ ਵਿੱਚ ਲੂ ਦੀ ਮਾਰ ਤੋਂ ਵੀ ਬਚ ਸਕਣ ਅਤੇ ਥੋੜਾ ਗਲੂਕੋਜ਼ ਮਿਲਣ ਨਾਲ ਉਨ੍ਹਾਂ ਦੀ ਥਕਾਵਟ ਵੀ ਦੂਰ ਹੋ ਸਕੇ ।
ਹੁਣ ਵਾਲੀਆਂ ਛਬੀਲਾਂ ਤਾਂ 20ਵੀਂ ਸਦੀ ਦੀ ਉਪਜ ਹਨ ਅਤੇ ਉਸ ਦਾ ਮੁਖ ਕਾਰਣ ਹੈ ਗੁਰਇਤਿਹਾਸ ਪ੍ਰਤੀ ਸਾਡੀ ਅਗਿਆਨਤਾ ਤੇ ਸਿੱਖ ਸੰਸਥਾਵਾਂ ਦਾ ਅਵੇਸਲਾਪਨ, ਜਿਸ ਕਰਕੇ ਅਸੀਂ ਪੰਥ ਵਿਰੋਧੀ ਸਾਜਸ਼ਾਂ ਦਾ ਸ਼ਿਕਾਰ ਹੋ ਜਾਂਦੇ ਹਾਂ । ਜਿਵੇਂ ਬਿਪਰਵਾਦੀ ਤੇ ਬਿਪਰ-ਪੱਖੀ ਲੇਖਕਾਂ ਦੇ ਪ੍ਰਭਾਵ ਹੇਠ ਸੰਪ੍ਰਦਾਈ ਸਿੱਖ ਪ੍ਰਚਾਰਕਾਂ ਅਤੇ ਢਾਡੀਆਂ ਕਵੀਸ਼ਰਾਂ ਨੇ ਅਜਿਹਾ ਪ੍ਰਚਾਰ ਕੀਤਾ ਕਿ ਜਦੋਂ ਗੁਰੂ ਜੀ ਨੂੰ ਭੁੱਖੇ ਤਿਹਾਏ ਰੱਖ ਕੇ ਚੰਦੂ ਦੀ ਹਵੇਲੀ ਵਿੱਚ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਉਸ ਵੇਲੇ ਚੰਦੂ ਦੀ ਨੋਂਹ ਨੇ ਪਹਿਰੇਦਾਰ ਸਿਪਾਹੀਆਂ ਨੂੰ ਰਿਸ਼ਵਤ ਵਜੋਂ ਆਪਣੇ ਗਹਿਣੇ ਦੇ ਕੇ ਗੁਰੂ ਜੀ ਨੂੰ ਠੰਡਾ ਸ਼ਰਬਤ ਪਿਲਾਇਆ ਸੀ । ਅਖੇ ਉਹ ਵੀ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਵੇਲੇ ਗੁਰੂ ਜੀ ਦੀ ਆਗਿਆ ਅਨੁਸਾਰ ਪ੍ਰਾਣ ਤਿਆਗ ਕੇ ਬੈਕੁੰਠ ਧਾਮ ਪਹੁੰਚ ਗਈ ਸੀ । ਇਸ ਲਈ ਹੁਣ ਜਦੋਂ ਸਿੱਖ ਛਬੀਲਾਂ ਲਗਾਉਂਦੇ ਹਨ ਤਾਂ ਗੁਰੂ ਜੀ ਨੂੰ ਸਵਰਗਾਂ ਵਿੱਚ ਵੀ ਠੰਡਕ ਪਹੁੰਚਦੀ ਹੈ ।
ਇਸ ਬਿਪਰਵਾਦੀ ਤੇ ਬਿਪਰ-ਪੱਖੀ ਪ੍ਰਚਾਰ ਦਾ ਪਹਿਲਾ ਅਧਾਰ ਬਣਿਆਂ 20ਵੀਂ ਸਦੀ ਦੇ ਆਰੰਭ ਵਿੱਚ ਪ੍ਰਕਾਸ਼ਤ ਹੋਇਆ ਨਿਰਮਲੇ ਕਵੀ ਭਾਈ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼, ਜਿਸ ਨੇ ਚੰਦੂ ਦੀ ਨੋਂਹ ਨੂੰ ਗੁਰੂ ਜੀ ਦੀ ਸ਼ਰਧਾਲੂ ਸਾਬਤ ਕੀਤਾ । ਇਸ ਉਪਰੰਤ ਸ਼ਰਬਤ ਪਿਲਾਉਣ ਦੀ ਕਹਾਣੀ ਜੋੜ ਦਿੱਤੀ ਹਿੰਦੂ ਮਹਾਂ ਸਭਾ ਦੇ ਰੂਪ ਵਿੱਚ ਆਰ.ਐਸ.ਐਸ ਦੇ ਮੁੱਢਲੇ ਹਿੰਦੂ ਪ੍ਰਚਾਰਕਾਂ ਨੇ, ਜਿਨ੍ਹਾਂ ਦਾ ਸਾਰਾ ਜ਼ੋਰ ਇਹ ਗੱਲ ਸਿੱਧ ਕਰਨ ’ਤੇ ਲੱਗਾ ਰਿਹਾ ਕਿ ਗੁਰੂ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਚੰਦੂ ਭਾਗੀਦਾਰ ਜਾਂ ਦੋਸ਼ੀ ਨਹੀਂ ਸੀ । ਸਗੋਂ ਉਹ ਤਾਂ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ, ਜਿਸ ਨੇ ਦੋ ਕ੍ਰੋੜ ਰੁਪੈ ਜ਼ੁਰਮਾਨਾ ਅਦਾ ਕਰਕੇ ਗੁਰੂ ਜੀ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ । ਡਾ. ਸੁਖਪ੍ਰੀਤ ਸਿੰਘ ਉੱਦੋਕੇ ਮੁਤਾਬਿਕ ਇਸ ਛੋਛੇ ਦਾ ਅਧਾਰ ਹੈ ਸੰਨ 1925 ਦੇ ਕਰੀਬ ਲਿਖੀ ਆਰ.ਐਸ.ਐਸ ਦੇ ਮੋਢੀ ਗੋਲਵਾਲਕਰ ਦੇ ਸਾਥੀ ‘ਸਵਾਰਕਰ’ ਦੀ ਲਿਖੀ ਪੁਸਤਕ ‘ਦਾ ਸਿਕਸ ਗਲੋਰੀਅਸ ਪੇਜ਼ਿਜ਼ ਆਫ਼ ਇੰਡੀਅਨ ਹਿਸਟਰੀ’ । ਇਸੇ ਨੂੰ ਪਿੱਛੋਂ ਜਾ ਕੇ ਹਿੰਦੀ ਵਿੱਚ ‘ਭਾਰਤੀਆ ਇਤਿਹਾਸ ਕੇ ਛੇ ਸਵਰਨੀਏ ਪ੍ਰਸ਼ਿਟ’ ਨਾਂ ਹੇਠ ਛਾਪਿਆ ਤੇ ਪ੍ਰਚਾਰਿਆ ਗਿਆ ਹੈ ।
ਸ਼ੁਕਰ ਹੈ ਉਸ ਵੇਲੇ ਡਾ. ਗੰਡਾ ਸਿੰਘ ਤੇ ਕਰਮ ਸਿੰਘ ਵਰਗੇ ਗੁਰੂ ਤੇ ਪੰਥ ਨੂੰ ਸਮਰਪਤ ਖੋਜੀ ਇਤਿਹਾਸਕਾਰ ਮਜੂਦ ਸਨ, ਜਿਨ੍ਹਾਂ ਨੇ 1931 ਵਿੱਚ ਜਹਾਂਗੀਰ ਦੀ ਨਿਜੀ ਡਾਇਰੀ ‘ਤੁਜ਼ਕ-ਇ- ਜਹਾਗੀਰੀ, ਸ਼ੇਖ ਅਹਿਮਦ ਸਰਹੰਦੀ ਵੱਲੋਂ ਲਿਖੀਆਂ ਚਿੱਠੀਆਂ ‘ਮਕਤੂਬਤ-ਇ-ਰੁਬਾਨੀ’ ਅਤੇ ਗੁਰੂ ਕਾਲ ਦੇ ਇਤਿਹਾਸਕਾਰ ਮੁਹਸਨਫ਼ਾਨੀ ਦੀ ਦੁਰਲਭ ਪੁਸਤਕ ‘ ਦਬਿਸਤਾਨ-ਇ-ਮਜ਼ਾਹਬ’ ਲੱਭ ਕੇ ਇੱਕ ਤਾਂ ਇਹ ਸਿੱਧ ਕੀਤਾ ਕਿ ਗੁਰੂ ਜੀ ਦੀ ਸ਼ਹਾਦਤ ਨਿਰੋਲ ਸਿਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤੇ ਆਦਿ ਬੀੜ (ਪੋਥੀ ਸਾਹਿਬ) ਦੇ ਰੂਪ ਵਿੱਚ ਗੁਰਮਤ ਸਿਧਾਂਤਾਂ ਦੀ ਸ਼ੁਧਤਾ ਨੂੰ ਕਾਇਮ ਰੱਖਣ ਲਈ ਹੋਈ । ਦੂਜੇ, ਹਕੂਮਤ ਵੱਲੋਂ ਗੁਰੂ ਅਰਜਨ ਸਾਹਿਬ ਜੀ ਨੂੰ ਕੋਈ ਜ਼ੁਰਮਾਨਾ ਨਹੀਂ ਸੀ ਕੀਤਾ ਗਿਆ । ਅਤੇ ਤੀਜੇ, ਗੁਰੂ ਜੀ ਦੀ ਸ਼ਹੀਦੀ ਲਈ ਤਰਤੀਬਵਾਰ ਮੁੱਖ ਦੋਸ਼ੀ ਸਨ ਬਾਦਸ਼ਾਹ ਜਹਾਂਗੀਰ, ਲਹੌਰ ਦਾ ਸੂਬੇਦਾਰ ਸ਼ੇਖ ਮੁਰਤਜ਼ਾ ਖ਼ਾਨ ਤੇ ਸ਼ੇਖ ਸਰਹੰਦੀ । ਪਰ, ਲਹੌਰ ਦਰਬਾਰ ਵਿੱਚ ਮਨੂੰਵਾਦੀ-ਸੋਚ ਦੀ ਨੁਮਾਇੰਦਗੀ ਕਰਨ ਵਾਲੇ ਚੰਦੂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ, ਜਿਹੜਾ ਉਪਰੋਕਤ ਤਿਗੜੀ ਦਾ ਹੱਥ ਠੋਕਾ ਬਣ ਕੇ ਗੁਰੂ ਜੀ ਨੂੰ ਤਸੀਹੇ ਦੇਣ ਵਿੱਚ ਮੁਹਰੀ ਰੋਲ ਨਿਭਾਂਦਾ ਰਿਹਾ । ਕਿਉਂਕਿ, ਜੇ ਚੰਦੂ ਦੋਸ਼ੀ ਨਾ ਹੁੰਦਾ ਤਾਂ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਗੁਰੂ ਦੇ ਸਿੱਖ ਚੰਦੂ ਦੇ ਜੱਦੀ ਪਿੰਡ ਕਲਾਨੌਰ ਖੜ ਕੇ ਉਸ ਨੂੰ ਸਜ਼ਾਇ ਮੌਤ ਨਾ ਦਿੰਦੇ ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.