ਰੋਗ ਇਕ ਅਜਿਹਾ ਸ਼ਬਦ ਹੈ ਜਿਸਨੂੰ ਸੁਣਦਿਆਂ ਹੀ ਅਸੀਂ ਸਾਰੇ ਚੁਕੰਨੇ ਜਿਹੇ ਹੋ ਜਾਂਦੇ ਹਾਂ ਤੇ ਡਰ ਜਾਂਦੇ ਹਾਂ। ਲੇਕਿਨ ਕੀ ਅਸੀਂ ਜਾਣਦੇ ਹਾਂ ਕਿ ਜੇਕਰ ਇਹ ਰੋਗ ਨਾ ਹੋਣ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਅੰਦਰ ਕੋਈ ਵਿਕਾਰ ਪੈਦਾ ਹੋ ਗਿਆ ਹੈ। ਰੋਗ ਤਾਂ ਬਿਨਾਂ ਸੁਆਰਥ ਇਕ ਮਿੱਤਰ ਬਣ ਕੇ ਸਾਨੂੰ ਸੰਭਲ ਜਾਣ ਦੀ ਚੇਤਾਵਨੀ ਦਿੰਦੇ ਹਨ ਤਾਂ ਕਿ ਅਸੀਂ ਸੁਚੇਤ ਹੋ ਜਾਈਏ ਅਤੇ ਉਸ ਵਿਕਾਰ ਨੂੰ ਦੂਰ ਕਰਨ ਲਈ ਆਪਣੀ ਕੋਸ਼ਿਸ਼ ਆਰੰਭ ਕਰ ਦੇਈਏ। ਰੋਗ ਸਾਨੂੰ ਕੁਦਰਤ ਦੇ ਨਿਯਮਾਂ ’ਤੇ ਚੱਲਣ, ਭਾਵ ਸਿਹਤਮੰਦ ਰਹਿਣ ਦੀ ਸਿੱਖਿਆ ਦਿੰਦੇ ਹਨ।
ਜ਼ੁਕਾਮ: ਜ਼ੁਕਾਮ ਦਾ ਸਭ ਤੋਂ ਵੱਡਾ ਕਾਰਨ ਕਬਜ਼ ਜਾਂ ਵੱਡੀ ਅੰਤੜੀ ਵਿਚ ਮਲ ਦਾ ਭਰਿਆ ਰਹਿਣਾ ਹੈ। ਇਸ ਤੋਂ ਇਲਾਵਾ ਗੰਦੀ ਹਵਾ ਵਿਚ ਰਹਿਣ ਨਾਲ, ਕਮਰੇ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਸੌਣ ਨਾਲ ਅਤੇ ਤਾਜ਼ੀ ਹਵਾ ਨਾ ਮਿਲਣ ਕਰਕੇ ਹੁੰਦਾ ਹੈ। ਜ਼ੁਕਾਮ ਤੋਂ ਰਾਹਤ ਪਾਉਣ ਲਈ ਸਵੇਰੇ ਉਠ ਕੇ ਵਮਨ/ਕੁੰਜਲ ਕਿਰਿਆ (2-3 ਗਲਾਸ ਕੋਸੇ ਪਾਣੀ ਦੇ ਨਮਕ ਪਾ ਕੇ ਪੀਣਾ ਅਤੇ ਫੇਰ ਨਾਲ ਹੀ ਉਸ ਨੂੰ ਉਲਟੀ ਕਰ ਕੇ ਕੱਢ ਦੇਣਾ) ਕਰੋ। ਕੁਝ ਮਿੰਟ ਤਾਜ਼ਾ ਹਵਾ ਵਿਚ ਪ੍ਰਾਣਾਯਾਮ ਅਤੇ ਅਨੁਲੋਮ-ਵਿਲੋਮ ਕਰੋ। ਸਵੇਰੇ 8-9 ਵਜੇ ਧੁੱਪ-ਇਸ਼ਨਾਨ ਕਰੋ। ਦਿਨ ਵਿਚ 2-3 ਵਾਰ ਭਾਫ ਲਓ (ਪਾਣੀ ਵਿਚ 2-3 ਬੂੰਦਾਂ ਨੀਲਗਿਰੀ/ ਯੂਕਲਿਪਟਸ ਤੇਲ ਦੀਆਂ ਪਾ ਸਕਦੇ ਹੋ)। ਬਰਾਬਰ ਮਾਤਰਾ ਵਿਚ ਤੁਲਸੀ ਦਾ ਰਸ, ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਉਸ ਵਿਚ ਚੁਟਕੀ ਕੁ ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾ ਕੇ ਦਿਨ ਵਿਚ 2-2 ਘੰਟੇ ਬਾਅਦ ਇਕ ਛੋਟਾ ਚਮਚ ਲੈਣ ਨਾਲ ਛੇਤੀ ਹੀ ਆਰਾਮ ਆ ਜਾਵੇਗਾ।
ਖਾਂਸੀ: ਖਾਂਸੀ ਕੁਦਰਤ ਦੁਆਰਾ ਸਾਹ ਦੀ ਨਾਲੀ ਜਾਂ ਗਲੇ ਵਿਚ ਫਸੇ ਹੋਏ ਰੇਸ਼ੇ ਨੂੰ ਹਵਾ ਦੇ ਝਟਕੇ ਨਾਲ ਬਾਹਰ ਕੱਢਣ ਲਈ ਕੁਦਰਤ ਦੁਆਰਾ ਅਪਣਾਇਆ ਗਿਆ ਢੰਗ ਹੈ। ਜਿੰਨਾ ਵੱਧ ਰੇਸ਼ਾ ਹੋਵੇਗਾ, ਓਨੀ ਵੱਧ ਆਵਾਜ਼ ਹੋਵੇਗੀ। ਖਾਂਸੀ ਦੇ ਇਲਾਜ ਲਈ ਦਿਨ ਵਿਚ 2-3 ਵਾਰ ਗਰਮ ਪਾਣੀ ਵਿਚ ਸੇਂਧਾ ਨਮਕ ਪਾ ਕੇ ਗਰਾਰੇ ਕਰੋ। ਇਸੇ ਤਰ੍ਹਾਂ ਅੱਧਾ ਚਮਚ ਹਲਦੀ ਸ਼ਹਿਦ ਵਿਚ ਮਿਲਾ ਕੇ 2-3 ਵਾਰ ਖਾਉ। ਜੇਕਰ ਖਾਂਸੀ ਲਗਾਤਾਰ ਆ ਰਹੀ ਹੋਵੇ ਤਾਂ ਅਦਰਕ ਜਾਂ ਮੁਲੱਠੀ ਦਾ ਇਕ ਟੁਕੜਾ ਮੂੰਹ ਵਿਚ ਪਾ ਕੇ ਚੂਸਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਦਰਕ, ਮੋਟੀ ਇਲਾਇਚੀ, ਦਾਲ ਚੀਨੀ, ਮੁਲੱਠੀ, ਕਾਲੀ ਮਿਰਚ ਪਾ ਕੇ ਕਾੜ੍ਹਾ ਬਣਾ ਸਕਦੇ ਹੋ ਜਿਸ ਨੂੰ ਸੇਂਧਾ ਨਮਕ ਜਾਂ ਸ਼ਹਿਦ ਪਾ ਕੇ ਦਿਨ ਵਿਚ 3-4 ਵਾਰ ਚਾਹ ਦੀ ਤਰ੍ਹਾਂ ਗਰਮ-ਗਰਮ ਪੀਤਾ ਜਾਵੇ। ਜੇਕਰ ਖਾਂਸੀ ਨਾਲ ਸਾਹ ਵਗੈਰਾ ਚੜ੍ਹਦਾ ਹੋਵੇ ਤਾਂ ਇਕ ਚਮਚ ਮੇਥੇ ਪਾਣੀ ਵਿਚ ਉਬਾਲ ਕੇ ਸ਼ਹਿਦ ਪਾ ਕੇ ਗਰਮ-ਗਰਮ ਪੀਤਾ ਜਾ ਸਕਦਾ ਹੈ।
ਐਸੀਡਿਟੀ: ਅਨਿਯਮਿਤ, ਅਣ-ਉਚਿਤ ਮੇਲ, ਜ਼ਿਆਦਾ ਮਿਰਚ-ਮਸਾਲਿਆਂ ਵਾਲੇ ਭੋਜਨ ਖਾਣ ਨਾਲ ਐਸੀਡਿਟੀ ਹੁੰਦੀ ਹੈ। ਐਸੀਡਿਟੀ ਹੋਣ ’ਤੇ ਵਮਨ ਜਾਂ ਕੁੰਜਲ ਰਾਹੀਂ ਪੇਟ ਦੀ ਸਫਾਈ ਕਰਨੀ ਚਾਹੀਦੀ ਹੈ। ਦਿਨ ਵਿਚ 3-4 ਵਾਰੀ ਕੋਸੇ ਪਾਣੀ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਪਾ ਕੇ ਪੀਓ। ਜਿਵੇਂ-ਜਿਵੇਂ ਠੀਕ ਹੋਣ ਲੱਗੋ ਤਾਂ ਕੋਸੇ ਪਾਣੀ ਦੀ ਥਾਂ ਤਾਜ਼ੇ ਪਾਣੀ ਦੀ ਵਰਤੋਂ ਕਰੋ। ਕੱਚਾ ਠੰਢਾ ਦੁੱਧ ਜਾਂ ਲੱਸੀ ਥੋੜ੍ਹੀ-ਥੋੜ੍ਹੀ ਦੇਰ ਬਾਅਦ ਘੁੱਟ-ਘੁੱਟ ਭਰ ਕੇ ਪੀਓ। ਮੂੰਹ ਵਿਚ 1-2 ਲੌਂਗ ਜਾਂ ਅਦਰਕ ਦਾ ਟੁਕੜਾ ਪਾ ਕੇ ਚੂਸਦੇ ਰਹੋ। ਜੇਕਰ ਪੇਟ ਵਿਚ ਗੈਸ ਹੋਵੇ ਤਾਂ ਇਕ ਛੋਟਾ ਜਿਹਾ ਟੁਕੜਾ ਹੀਂਗ ਦਾ ਕੋਸੇ ਪਾਣੀ ਨਾਲ ਲੈ ਸਕਦੇ ਹੋ।
Check Also
ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ
ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …