ਜੂਨ 1984 ਵਿਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਕਹਿਰੀ ਹਮਲਾ ਸਿੱਖ ਸਮੂਹਕ ਯਾਦ ਉੱਤੇ ਅਮਿਟ ਨਿਸ਼ਾਨ ਛੱਡ ਗਿਆ ਹੈ। ਸਿੱਖ ਇਤਿਹਾਸ ਵਿਚ ਵਾਪਰੇ ਦੋ ਮਹਾਂਘਾਣਾਂ, ਜਿਨ੍ਹਾਂ ਨੂੰ ਵੱਡੇ ਅਤੇ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਵਾਂਙ ਹੀ ਜੂਨ 1984 ਦਾ ਇਹ ਹਮਲਾ ਸਿੱਖਾਂ ਲਈ ਸਭਿਆਚਾਰਕ ਦੁਖਾਂਤ ਦਾ ਰੁਤਬਾ ਰੱਖਦਾ ਹੈ ਜਿਸ ਨੂੰ ਹੁਣ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਇਸ ਘੱਲੂਘਾਰੇ ਨੂੰ ਵਾਪਰਿਆਂ 28 ਸਾਲ ਬੀਤ ਚੱਲੇ ਹਨ ਤੇ ਸਿੱਖ ਕੌਮ ਇਕ ਪੀੜ੍ਹੀ ਦੀ ਹਥਿਆਰਬੰਦ ਜਦੋ-ਜਹਿਦ ਹੰਢਾਉਣ ਤੋਂ ਬਾਅਦ ਹੁਣ ਫਿਰ ਬੀਤੇ ਦੀ ਪੜਚੋਲ ਕਰਦਿਆਂ, ਵਾਪਰ ਰਹੇ ਨੂੰ ਸਮਝਣ ਅਤੇ ਆਪਣੇ ਚਿਤਵੇ ਭਵਿੱਖ ਨੂੰ ਸਾਕਾਰ ਕਰਨ ਲਈ ਰਾਹ ਲੱਭਣ ਦੇ ਯਤਨ ਕਰ ਰਹੀ ਹੈ। ਜੂਨ ਅਤੇ ਨਵੰਬਰ 1984 ਭਵਿੱਖ ਸਿਰਜਣ ਦੇ ਅਜਿਹੇ ਕਿਸੇ ਵੀ ਯਤਨ ਸੰਬੰਧੀ ਹੋਣ ਵਾਲੀ ਵਿਚਾਰ ਦਾ ਅਹਿਮ ਹਿੱਸਾ ਰਹੇਗਾ। ਇਹ ਉਹ ਘਟਨਾਵਾਂ ਹਨ ਜਿਨ੍ਹਾਂ ਭਾਰਤ ਅਤੇ ਸਿੱਖਾਂ ਦੇ ਸੰਬੰਧਾਂ ਨੂੰ ਮੁਢ ਤੋਂ ਮੁੜ-ਪਰਭਾਸ਼ਤ ਕੀਤਾ ਅਤੇ ਸਿੱਖ ਕੌਮ ਨੂੰ ਭਾਰਤ ਅੰਦਰ ਆਪਣੀ ਹੋਣੀ ਦਾ ਗੰਭੀਰਤਾ ਨਾਲ ਅਹਿਸਾਸ ਕਰਵਾਇਆ। ਹੁਣ ਜਦੋਂ ਸਿੱਖਾਂ ਦੀ ਨਵੀਂ ਪੀੜ੍ਹੀ ਪਰਵਾਰਕ, ਸਮਾਜਕ ਅਤੇ ਰਾਜਸੀ ਮੰਚ ਉੱਤੇ ਉੱਭਰ ਰਹੀ ਹੈ ਅਤੇ ਸਮੇਂ ਦਾ ਰੌਂ 28 ਵਰ੍ਹਿਆਂ ਵਿਚ ਬਹੁਤ ਬਦਲ ਚੁੱਕਾ ਹੈ ਤਾਂ ਸਿੱਖ ਨੌਜਵਾਨਾਂ ਲਈ ਜੂਨ 1984 ਦੇ ਘੱਲੂਘਾਰੇ ਨੂੰ ਦੇਖਣ ਸਮਝਣ ਦਾ ਆਪਣਾ ਨਜ਼ਰੀਆ ਵਿਕਸਤ ਕਰਨਾ ਜਰੂਰੀ ਹੋ ਗਿਆ ਹੈ ਜਿਸ ਦੀਆਂ ਜੜ੍ਹਾਂ ਸਿੱਖੀ ਅਤੇ ਸਿੱਖ ਵਿਰਸੇ ਵਿਚ ਹੋਣ ਅਤੇ ਹੋ ਅਜੋਕੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਾ ਹੋਵੇ। ਸਾਰੀ ਦੁਨੀਆਂ ਵਿੱਚ ਯਹੂਦੀਆਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਕੌਮ ਅਜਿਹੀ ਹੋਵੇ ਜਿਸ ਨੇ ਐਨੇ ਘੱਲੂਘਾਰੇ ਹੰਢਾਏ ਹੋਣ ਜਿੰਨੇ ਕਿ ਸਿੱਖਾਂ ਨੇ ਸੰਨ 1984 ਈ. ਵਿਚ ਬਲੂ ਸਟਾਰ ਨਾਂ ਹੇਠ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਸਮੇਤ ਦਰਜਨਾਂ ਹੋਰ ਸਿੱਖ ਧਾਰਮਿਕ ਅਸਥਾਨਾਂ ਉੱਤੇ ਭਾਰਤੀ ਫੌਜ ਦੁਆਰਾ ਕੀਤਾ ਗਿਆ ਹਮਲਾ ਸਿੱਖਾਂ ਲਈ ਵੀਹਵੀਂ ਸਦੀ ਦਾ ਵੱਡਾ ਘੱਲੂਘਾਰਾ ਕਿਹਾ ਜਾ ਸਕਦਾ ਹੈ। ਨਿਰਸੰਦੇਹ ਇਸ ਹਮਲੇ ਨਾਲ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ, ਪ੍ਰੰਤੂ ਸਿੱਖਾਂ ਦੀ ਆਪਣੀ ਲੀਡਰਸ਼ਿਪ ਨੇ ਵੀ ਇਸ ਘੱਲੂਘਾਰੇ ਕਾਰਨ ਹੋਏ ਜਾਨੀ, ਮਾਲੀ, ਮਾਨਸਿਕ ਅਤੇ ਸਮਾਜਿਕ ਨੁਕਸਾਨ ਦਾ ਲੋੜੀਂਦਾ ਵਿਸਤ੍ਰਿਤ ਲੇਖਾ-ਜੋਖਾ ਤਿਆਰ ਨਹੀਂ ਕੀਤਾ। ਅਜਿਹਾ ਕਿਉਂ ਨਹੀਂ ਕੀਤਾ ਗਿਆ ਇਹ ਇਕ ਅਲੱਗ ਖੋਜ ਦਾ ਵਿਸ਼ਾ ਹੈ। ਪ੍ਰੰਤੂ ਇਕ ਗੱਲ ਸਪੱਸ਼ਟ ਹੈ ਕਿ ਬਹੁਤੇ ਸਿੱਖ ਲੀਡਰਾਂ ਅਤੇ ਸਿੱਖ ਵਿਦਵਾਨਾਂ ਦੀ ਇਨ੍ਹਾਂ ਨੁਕਸਾਨਾਂ ਦੇ ਵੇਰਵੇ ਤਿਆਰ ਕਰਨ ਬਾਰੇ ਧਾਰੀ ਚੁੱਪ ਨੂੰ ਆਉਣ ਵਾਲੀਆਂ ਪੁਸ਼ਤਾਂ ਕਦੇ ਮੁਆਫ ਨਹੀਂ ਕਰਨਗੀਆਂ।
ਬਲੂ ਸਟਾਰ ਉਪਰੇਸ਼ਨ ਲਈ ਦੱਸੇ ਗਏ ਕਾਰਨ:
ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਸਮੇਂ ਖਾੜਕੂ ਛੁਪੇ ਹੋਏ ਸਨ। ਜੇਕਰ ਸਰਕਾਰ ਦੀ ਇਸ ਗੱਲ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਇਸ ਹਮਲੇ ਦੀ ਕੋਈ ਲੋੜ ਨਹੀਂ ਸੀ। ਪਹਿਲੀ ਗੱਲ ਇਹ ਕਿ ਜੇ ਸਰਕਾਰ ਚਾਹੁੰਦੀ ਤਾਂ ਸਿੱਖਾਂ ਤੇ ਪੰਜਾਬ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਇਸ ਅਣਚਾਹੇ ਤੇ ਗ਼ੈਰ-ਜਰੂਰੀ ਫੌਜੀ ਐਕਸ਼ਨ ਤੋਂ ਦੂਰ ਰਹਿ ਸਕਦੀ ਸੀ। ਦੂਜੀ ਗੱਲ ਇਹ ਕਿ ਜੇਕਰ ਦਰਬਾਰ ਸਾਹਿਬ ਵਿਚ ਕੁਝ ਅਜਿਹੇ ਲੋਕ ਛੁਪੇ ਹੋਏ ਵੀ ਸਨ ਤਾਂ ਉਨ੍ਹਾਂ ਨੂੰ ਬਾਹਰ ਕੱਢਣ ਵਾਸਤੇ ਸਰਕਾਰ ਦੁਆਰਾ ਧਰਮ-ਯੁੱਧ ਮੋਰਚੇ ਦੇ ਮੁੱਖ ਸੰਚਾਲਕਾਂ ਨੂੰ ਅਜਿਹਾ ਕਰਨ ਲਈ ਕਹਿਣਾ ਚਾਹੀਦਾ ਸੀ। ਜੇਕਰ ਧਰਮ-ਯੁੱਧ ਮੋਰਚੇ ਦੇ ਸੰਚਾਲਕ ਅਜਿਹਾ ਕਰਨ ਦੇ ਸਮਰੱਥ ਸਨ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਸਬੰਧੀ ਲੋੜੀਂਦੇ ਆਦੇਸ਼ ਦੇਣ ਲਈ ਬੇਨਤੀ ਕਰਨੀ ਚਾਹੀਦੀ ਸੀ। ਉਸ ਵੇਲੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਵੱਡਾ ਸੀ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮ ਨੂੰ ਨਕਾਰ ਨਹੀਂ ਸੀ ਸਕਦਾ। ਸਰਕਾਰ ਦੁਆਰਾ ਇਹ ਰਸਤਾ ਨਾ ਚੁਣਿਆ ਜਾਣਾ ਸਪੱਸ਼ਟ ਕਰਦਾ ਹੈਕਿ ਇਸ ਫੌਜੀ ਹਮਲੇ ਪਿਛੇ ਕੋਈ ਹੋਰ ਰਾਜਨੀਤਿਕ ਕਾਰਨ ਸਨ। ਤੀਜੀ ਗੱਲ ਇਹ ਕਿ ਜੇਕਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੁਝ ਖਾੜਕੂ ਛੁਪੇ ਹੋਏ ਸਨ ਤਾਂ ਕਈ ਦਰਜਨ ਹੋਰ ਸਿੱਖ ਧਾਰਮਿਕ ਅਸਥਾਨਾਂ ’ਤੇ ਹਮਲਾ ਕਿਉਂ ਕੀਤਾ ਗਿਆ। ਜੇ ਕਰ ਮੰਨ ਵੀ ਲਿਆ ਜਾਏ ਕਿ ਉਨ੍ਹਾਂ ਅਸਥਾਨਾਂ ਵਿਚੋਂ ਪੰਜ-ਚਾਰ ਵਿਚ ਦੋ-ਦੋ ਜਾਂ ਤਿੰਨ-ਤਿੰਨ ਅਜਿਹੇ ਵਿਅਕਤੀ ਰਹਿ ਰਹੇ ਸਨ ਜਿੰਨਾਂ ਵਿਰੁੱਧ ਕਈ ਕੇਸ ਦਰਜ ਸਨ ਤਾਂ ਵੀ ਦਰਜਨਾਂ ਧਾਰਮਿਕ ਅਸਥਾਨਾਂ ’ਤੇ ਫੌਜੀ ਹਮਲੇ ਦੀ ਲੋੜ ਸੀ? ਚੌਥੀ ਗੱਲ ਇਹ ਕਿ ਜੇਕਰ ਫੌਜੀ ਕਾਰਵਾਈ ਕਰਨੀ ਹੀ ਸੀ ਤਾਂ ਉਹ ਹੀ ਦਿਨ ਕਿਉਂ ਚੁਣਿਆ ਗਿਆ ਜਦੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ-ਔਰਤਾਂ, ਬੱਚੇ, ਬੁੱਢੇ ਤੇ ਜਵਾਨ ਵੱਖ-ਵੱਖ ਗੁਰਦੁਆਰਿਆਂ ਵਿਚ ਇਕੱਤਰ ਹੋਏ ਸਨ। ਜੇਕਰ ਇਸ ਫੌਜੀ ਕਾਰਵਾਈ ਦਾ ਮੰਤਵ ਸਿਰਫ ਖਾੜਕੂਆਂ ਨੂੰ ਪਕੜਨਾ ਹੀ ਸੀ ਤਾਂ ਇਹ ਗ਼ੈਰ-ਜ਼ਰੂਰੀ ਫੌਜੀ ਹਮਲਾ ਗੁਰਪੂਰਬ ਨੂੰ ਛੱਡ ਕੇ ਕਿਸੇ ਵੀ ਹੋਰ ਦਿਨ ਕੀਤਾ ਜਾ ਸਕਦਾ ਸੀ।
Check Also
ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ
ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …