ਜੈਪੁਰ ਤੋਂ 15-16 ਮੀਲ ਦੀ ਦੂਰੀ ਤੇ ਨਾਰਾਇਣਾ ਪਿੰਡ ਹੈ,ਜਿੱਥੋਂ ਲੰਘਦੇ ਹੋਏ ਮੇਰੇ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਨੰਦੇੜ ਜਾ ਰਹੇ ਸਨ। ਪਾਤਸ਼ਾਹ ਜੀ ਜਦ ਨਾਰਾਇਣਾ ਪਿੰਡ ਪਹੁੰਚੇ ਤਾਂ ਇਥੇ ਭਗਤ ਦਾਦੂ ਜੀ ਦੀ ਕਬਰ ਸੀ ਤੇ ਦਾਦੂ ਪੰਥੀਆਂ ਦਾ ਇਹ ਬਹੁਤ ਵੱਡਾ ਡੇਰਾ ਸੀ। ਮਹਾਰਾਜ ਜਾਨੀਜਾਣ ਸਤਿਗੁਰੂ ਕੀ ਕਰਦੇ ਨੇ ਕਿ ਆਪਣੇ ਤੀਰ ਦੇ ਨਾਲ ਕਬਰ ਨੂੰ ਸੱਜਦਾ ਕਰਦੇ ਨੇ ਇਹ ਦੇਖਕੇ ਜੋ ਨਾਲ ਦੇ ਸਿੰਘ ਸਨ ਉਹਨਾਂ ਸਤਿਗੁਰ ਜੀ ਦੀ ਬਾਂਹ ਪਕੜ ਲਈ ਤੇ ਕਹਿਣ ਲੱਗੇ ਕਿ “ਮਹਾਰਾਜ! ਸਾਨੂੰ ਤਾਂ ਕਹਿੰਦੇ ਓ,” ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ।” ਕਿ ਭੁੱਲ ਕੇ ਵੀ ਕਬਰਾਂ ਨੂੰ ਨਈਂ ਮੰਨਣਾ,ਭੁੱਲ ਕੇ ਵੀ ਮੜ੍ਹੀਆਂ ਨੂੰ ਨਈਂ ਮੰਨਣਾਂ ਤੇ ਖ਼ੁਦ ਮੜ੍ਹੀ ਨੂੰ ਮੱਥਾ ਟੇਕੀ ਜਾਂਦੇ ਓ,ਕਬਰ ਨੂੰ ਮੱਥਾ ਟੇਕੀ ਜਾਂਦੇ ਓ,ਇਹਦਾ ਜਵਾਬ ਦਿਓ?” ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ,”ਅੱਜ ਤੋਂ ਮੈਂ ਸੁਤੰਤਰ ਹੋ ਗਿਆ। ਮੈਨੂੰ ਖਿਆਲ ਆਉਂਦਾ ਸੀ, ਮੈਂ ਜੋੜਿਆ ਤੁਹਾਨੂੰ ਸ਼ਬਦ ਨਾਲ, ਕਿਧਰੇ ਭਟਕ ਤੇ ਨਈਂ ਜਾਉਗੇ ਤੁਸੀਂ? ਪਰ ਅੱਜ ਜੇ ਤੁਸੀਂ ਮੇਰੀ ਬਾਂਹ ਪਕੜ ਲਈ ਏ ਤੇ ਮੈਨੂੰ ਵੀ ਸਵਾਲ ਕੀਤਾ ਹੈ।ਸਤਿਗੁਰ ਕਹਿਣ ਲੱਗੇ ‘ਖਾਲਸਾ ਜੀ ! ਮੈਂ ਕਬਰਾਂ ਦਾ ਪੁਜਾਰੀ ਨਈੰ, ਮੈਂ ਤੇ ਇਹ ਵੇਖਣਾ ਚਾਹੁੰਦਾ ਸੀ, ਤੁਸੀਂ ਸਾਰਿਆਂ ਨੇ ਮੱਥਾ ਟੇਕਣਾ ਏਂ ਕਿ ਨਈਂ, ਤੁਹਾਡੇ ਅੰਦਰ ਕੋਈ ਪ੍ਰਕਾਸ਼ ਪੈਦਾ ਹੋਇਆ ਹੈ ਕਿ ਨਈਂ ਜਾਂ ਕਿਤੇ ਤੁਸੀਂ ਲਕੀਰ ਦੇ ਫ਼ਕੀਰ ਤਾਂ ਨੀਂ ਬਣ ਗਏ ਕਿ ਸਤਿਗੁਰ ਜੀ ਨੇ ਸਜਦਾ ਕੀਤਾ ਤੇ ਅਸੀਂ ਵੀ ਕਰੀਏ। ਮੈਂ ਤਾਂ ਵੇਖਣਾ ਸੀ ਕਿ ਕਿ ਮੇਰੇ ਸ਼ੇਰ ਭੇਡਾਂ ਵਾਂਗ ਭੇਡਚਾਲ ਤਾਂ ਨਹੀਂ ਕਰ ਰਹੇ।” ਫੁਰਮਾਨ ਕੀਤਾ ਕਿ “ਭੇਡਾਚਾਲ ਨਹੀਂ ਹੈ ਤੁਹਾਡੇ ਵਿਚ ਹੁਣ, ਤੁਸੀਂ ਪੂਰੇ ਹੋ, ਤੁਸੀਂ ਮੁਕੰਮਲ ਹੋ।
ਮੈਂ ਤੁਹਾਡੀ ਪਰੀਖਿਆ ਲੈਣੀ ਸੀ, ਤੁਸੀ ਪੂਰੇ ਉਤਰੇ ਓ।” ਸਤਿਗੁਰੂ ਨੇ ਫ਼ੁਰਮਾਨ ਕੀਤਾ ਕਿ ਤੁਸੀਂ ਮੇਰੀ ਬਾਂਹ ਰੋਕ ਸਕਦੇ ਓ, ਤੁਸੀਂ ਕਿਸੇ ਦੀ ਵੀ ਰੋਕ ਸਕਦੇ ਓ, ਤੁਸੀਂ ਗ਼ਲਤ ਕੰਮ ਨਈਂ ਹੋਣ ਦਿਉਗੇ। ਇਹ ਇਤਿਹਾਸਕ ਵਾਰਤਾ ਸਾਨੂੰ ਦੱਸੀ ਹੈ ਕਿ ਇਸ ਤਰ੍ਹਾਂ ਦੀ ਮੁਕੰਮਲ ਸੁਤੰਤਰਤਾ ਸਾਨੂੰ ਪ੍ਰਦਾਨ ਕੀਤੀ ਸੀ ਦਸਾਂ ਗੁਰੂ ਸਾਹਿਬਾਨ ਨੇ ਕਿ ਅਸੀਂ ਭੇਡਚਾਲ ਨਹੀਂ ਫੜਨੀ ਗੁਰੂ ਦਾ ਹੁਕਮ ਮੰਨਣਾ ਹੈ,ਹੁਕਮ ਮੰਨਣਾ ਹੀ ਨਹੀਂ ਉਸਨੂੰ ਲਾਗੂ ਵੀ ਕਰਨਾ ਹੈ,ਕਮਾਉਣਾ ਵੀ ਹੈ ਤੇ ਜਿਥੇ ਕਿਤੇ ਕੁਝ ਗਲਤ ਹੁੰਦਾ ਹੋਇਆ ਉਸਨੂੰ ਰੋਕਣਾ ਹੈ। ਪਰ ਅਸੀਂ ਫਿਰ ਕੈਦ ਹੋ ਗਏ, ਫਿਰ ਬੰਧਨ ਦੇ ਵਿਚ ਪੈ ਗਏ ਹਾਂ। ਜਿਨਾਂ ਕੰਮਾਂ ਤੋਂ ਗੁਰੂ ਸਾਹਿਬ ਨੇ ਸਾਨੂ ਰੋਕਿਆ ਸੀ ਅਸੀਂ ਫਿਰ ਉਹਨਾਂ ਫੋਕੇ ਕੰਮਾਂ ਵਿਚ ਜੀਵਨ ਬਰਾਬਰ ਕਰ ਰਹੇ ਹਾਂ। ਜੋ ਇਲਾਹੀ ਹੁਕਮ ਤੇ ਗੁਰਬਾਣੀ ਸਿਧਾਂਤ ਸਾਨੂ ਗੁਰੂ ਸਾਹਿਬ ਬਕਸ਼ ਕੇ ਗਏ ਸਨ ਅਸੀਂ ਉਹਨਾਂ ਨਾਲੋਂ ਨਾਤਾ ਤੋੜਕੇ ਉਹੀ ਕਰਮਕਾਂਡ,ਉਹੀਓ ਕਬਰ ਪੂਜਾ ਤੇ ਓਹੀ ਸਭ ਕੁਝ ਕਰਨ ਲੱਗ ਪਏ ਹਾਂ ਜੋ ਗੁਰਬਾਣੀ ਸਿਧਾਂਤ ਤੋਂ ਉਲਟ ਹੈ। ਸਿੱਖ ਹੋ ਕੇ ਸਿੱਖੀ ਕਮਾਉਣੀ ਹੈ,ਗਵਾਉਣੀ ਨਹੀਂ।
Check Also
ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ
ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …