ਖ਼ਾਲਸਾ ਪੰਥ ਦੇ ਪੈਰੋਕਾਰ ਇੱਕ ਹੀ ਪਰਮਾਤਮਾ ਤੇ ਭਰੋਸਾ ਰੱਖਣਗੇ। ਵਾਹਿਗੁਰੂ ਤੋਂ ਇਲਾਵਾ ਉਹ ਕਿਸੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨਗੇ।
ਹਰੇਕ ਖ਼ਾਲਸਾ ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਰੱਖੇਗਾ ਅਤੇ ਉਹ ਆਪਸ ਵਿੱਚ ਪ੍ਰੇਮ ਭਾਵ ਨਾਲ ਰਹਿਣਗੇ। ਸਾਰੇ ਸਿੱਖਾਂ ਨੂੰ ਉੱਚ ਨੈਤਿਕ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਹਨਾਂ ਨੂੰ ਪਰਾਈ ਇਸਤਰੀ, ਤੰਬਾਕੂ, ਮਾਸ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਹਰੇਕ ਖ਼ਾਲਸਾ ਮਾਲਾ ਦੇ ਨਾਲ-ਨਾਲ ਸ਼ਸ਼ਤਰ ਵੀ ਧਾਰਨ ਕਰੇਗਾ।
ਹਰੇਕ ਸਿੰਘ ਨੂੰ ਚਾਹੀਦਾ ਹੈ ਕਿ ਉਹ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦੇਣ ਲਈ ਸਦਾ ਤਿਆਰ ਰਹੇ। ਹਰੇਕ ਸਿੰਘ ਜਰੂਰੀ ਤੌਰ ‘ਤੇ ਪੰਜ ਕਕਾਰਾਂ ਨੂੰ ਧਾਰਨ ਕਰੇਗਾ। ਇਹ ਹਨ- ਕੇਸ, ਕਡ਼ਾ, ਕੰਘਾ, ਕ੍ਰਿਪਾਨ, ਕਛਹਿਰਾ।
ਹਰ ਸਿੱਖ ਸਵੇਰੇ ਉਹਨਾਂ ਪੰਜ ਬਾਣੀਆਂ ਦਾ ਪਾਠ ਕਰੇਗਾ ਜਿਹਨਾਂ ਦਾ ਉਚਾਰਨ ਖੰਡੇ ਦਾ ਪਾਹੁਲ ਤਿਆਰ ਕਰਨ ਸਮੇਂ ਕੀਤਾ ਗਿਆ ਹੈ।
ਹਰ ਖ਼ਾਲਸਾ ਆਪਣੇ ਸਾਰੇ ਪਰਿਵਾਰਿਕ ਅਤੇ ਵਿਅਕਤੀਗਤ ਕੰਮ ਗੁਰੂ ਜੀ ਦੀ ਕ੍ਰਿਪਾ ਤੇ ਛੱਡ ਦੇਵੇਗਾ ਅਤੇ ਉਹਨਾਂ ਨੂੰ ਆਪਣਾ ਸ਼ੁਭਚਿੰਤਕ ਮੰਨੇਗਾ।
ਹਰੇਕ ਖ਼ਾਲਸਾ ਆਪਣੀ ਆਮਦਨ ਦਾ ਦਸਵਾਂ ਹਿੱਸਾ (ਦਸਵੰਧ) ਧਰਮ ਲਈ ਦਾਨ ਕਰਿਆ ਕਰੇਗਾ। ਸਾਰੇ ‘ਸਿੰਘ’ ਆਪਸ ਵਿੱਚ ਮਿਲਦੇ ਸਮੇਂ ਇੱਕ-ਦੂਜੇ ਨੂੰ ‘ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਿਹਾ ਕਰਨਗੇ।
ਹਰ ਖ਼ਾਲਸਾ ਮਰਦ ਆਪਣੇ ਨਾਮ ਦੇ ਪਿੱਛੇ ‘ਸਿੰਘ’ ਸ਼ਬਦ ਅਤੇ ਖ਼ਾਲਸਾ ਇਸਤਰੀ ਆਪਣੇ ਨਾਮ ਪਿੱਛੇ ‘ਕੌਰ’ ਸ਼ਬਦ ਲਗਾਵੇਗੀ।