ਬਠਿੰਡਾ ਮਿਲਟਰੀ ਏਰੀਆ ਵਿੱਚ ਫਾਇਰਿੰਗ ਕਰਕੇ ਚਾਰ ਫੌਜੀ ਜਵਾਨਾਂ ਦੇ ਕਤਲ ਕੇਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਇੱਕ ਫੌਜੀ ਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਕ ਇਸ ਜਵਾਨ ਨੇ ਹੀ ਫਾਇਰਿੰਗ ਕਰਕੇ ਚਾਰ ਜਵਾਨਾਂ ਦਾ ਕਤਲ ਕੀਤਾ ਸੀ।
ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਕੈਂਟ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਘਟਨਾ ਦੇ ਚਸ਼ਮਦੀਦ ਗਵਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਹੀ ਆਪਸੀ ਦੁਸ਼ਮਣੀ ਕਾਰਨ ਚਾਰ ਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਤਫ਼ਤੀਸ਼ ਦੌਰਾਨ ਜਦੋਂ ਚਸ਼ਮਦੀਦ ਗੰਨਰ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਮੰਨਿਆ ਕਿ ਆਪਣੀ ਨਿੱਜੀ ਰੰਜਿਸ਼ ਕਰਕੇ ਉਸ ਨੇ ਪਹਿਲਾਂ ਚਾਰ ਜਵਾਨਾਂ ਨੂੰ ਮਾਰਨ ਲਈ ਰਾਈਫਲ ਚੋਰੀ ਕੀਤੀ, ਫਿਰ ਉਸੇ ਰਾਈਫਲ ਨਾਲ ਚਾਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਦੱਸ ਦਈਏ ਕਿ 12 ਅਪ੍ਰੈਲ ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਚਾਰ ਫੌਜੀ ਜਵਾਨਾਂ ਦੇ ਮਾਮਲੇ ਦੀ ਜਾਂਚ ਫੌਜ ਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹੁਣ ਪਹਿਲੀ ਗ੍ਰਿਫਤਾਰੀ ਹੋਈ ਹੈ।
ਇਸ ਤੋਂ ਪਹਿਲਾਂ ਬਠਿੰਡਾ ਮਿਲਟਰੀ ਸਟੇਸ਼ਨ ‘ਚ ਫਾਇਰਿੰਗ ਕਰਕੇ ਚਾਰ ਜਵਾਨਾਂ ਦੀ ਹੱਤਿਆ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਫੌਜ ਦੇ 10 ਜਵਾਨਾਂ ਨੂੰ ਨੋਟਿਸ ਭੇਜਿਆ ਸੀ। ਇਹ ਨੋਟਿਸ ਧਾਰਾ 160 ਤਹਿਤ ਭੇਜਿਆ ਗਿਆ ਸੀ। ਇਸ ਵਿੱਚ ਫੌਜ ਦੇ ਜਵਾਨਾਂ ਨੂੰ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਸੀ।