ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਈ ਕੁੜੀ ਨੂੰ ਇਕ ਸੇਵਾਦਾਰ ਵੱਲੋਂ ਰੋਕਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕੁੜੀ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਸੀ ਪਰ ਉਸ ਨੂੰ ਦਰਸ਼ਨੀ ਡਿਓੜੀ ਮੂਹਰੇ ਰੋਕ ਲਿਆ ਗਿਆ। ਕਿਹਾ ਜਾ ਰਿਹਾ ਹੈ ਕਿ ਕੁੜੀ ਨੇ ਚਿਹਰੇ ‘ਤੇ ਤਿਰੰਗਾ ਬਣਾਇਆ ਹੋਇਆ ਸੀ, ਜਿਸ ਨੂੰ ਵੇਖ ਕੇ ਇਕ ਸੇਵਾਦਾਰ ਨੇ ਉਸ ਨੂੰ ਅੰਦਰ ਜਾਣ ਤੋਂ ਰੋਕਿਆ। ਇਸ ਵਾਇਰਲ ਵੀਡੀਓ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਤੀਰਥ ਸਥਾਨ ਹੈ। ਹਰ ਧਾਰਮਿਕ ਸਥਾਨ ਦੀ ਆਪਣੀ ਮਰਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਮਰਿਆਦਾ ‘ਚ ਆਉਂਦਾ ਹੈ ਕਿ ਕੋਈ ਵੀ ਨਸ਼ਾ ਕਰਕੇ ਜਾਂ ਨਸ਼ਾ ਲੈ ਕੇ ਨਾ ਆਵੇ, ਵਿਅਕਤੀ ਆਪਣਾ ਪਹਿਰਾਵਾ ਸਹੀ ਤਰ੍ਹਾਂ ਰੱਖ ਕੇ ਆਵੇ। ਉਨ੍ਹਾਂ ਕਿਹਾ ਕਿ ਸਾਡੇ ਅਧਿਕਾਰੀ ਤੇ ਪਹਿਰੇਦਾਰ ਇਸ ਗੱਲ ਨੂੰ ਲੈ ਕੇ ਸੁਚੇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਦੁਰਵਿਵਹਾਰ ਕੀਤਾ ਹੈ ਤਾਂ ਮੈਂ ਜਨਰਲ ਸਕੱਤਰ ਹੋਣ ਦੇ ਨਾਅਤੇ ਇਸ ਗੱਲ ਦੀ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਅਜਿਹੀ ਵੀਡੀਓ ਵਾਇਰਲ ਕਰਕੇ ਗੱਲ ਨੂੰ ਤੁੂਲ ਦਿੱਤਾ ਜਾ ਰਿਹਾ ਹੈ ਤੇ ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।