ਨੰਗਲ ਦੇ ਨਾਲ ਲੱਗਦੇ ਪਿੰਡ ਭਟੋਲੀ ਤੋਂ 13 ਸਾਲਾ ਬੱਚਾ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ ਹੈ। ਬੀਤੀ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਮ ਦਾ ਬੱਚਾ ਆਪਣੀ ਮਾਂ ਨੂੰ ‘ਬੱਸ ਹੁਣੇ ਆਇਆ’ ਆਖ ਕੇ ਘਰੋਂ ਨਿਕਲਿਆ ਸੀ।
ਜਦੋਂ ਕਾਫੀ ਦੇਰ ਤੱਕ ਬੱਚਾ ਘਰ ਨਾ ਪਹੁੰਚਿਆ ਤਾਂ ਮਾਂ ਨੂੰ ਚਿੰਤਾ ਹੋ ਗਈ ਤੇ ਪਿੰਡ ਵਾਸੀ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ ਉਤੇ ਯਤਨ ਕਰਨ ਲੱਗੇ। ਇਸ ਦੌਰਾਨ ਉਸ ਦੀਆਂ ਚੱਪਲਾਂ ਤੇ ਸਾਈਕਲ ਨੰਗਲ ਡੈਮ ਨੇੜੇ ਮਿਲਣ ਕਾਰਨ ਘਰਦਿਆਂ ਦੀ ਚਿੰਤਾ ਵਧ ਗਈ ਹੈ।
ਇਸ ਦੀ ਜਾਣਕਾਰੀ ਨੰਗਲ ਪੁਲਿਸ ਅਤੇ ਹਿਮਾਚਲ ਦੀ ਮਹਿਤਪੁਰ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਉਧਰ ਗੋਤਾਖੋਰਾਂ ਦੀ ਟੀਮ ਦੁਆਰਾ ਸਤਲੁਜ ਦਰਿਆ ਵਿਚ ਤਲਾਸ਼ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਂ ਦਾ ਬੱਚਾ ਆਪਣੀ ਮਾਂ ਨੂੰ ਇਹ ਕਹਿ ਕੇ ਆਪਣੇ ਸਾਈਕਲ ਉਤੇ ਘਰੋਂ ਨਿਕਲਿਆ ਕਿ ਉਹ ਜਲਦੀ ਆ ਰਿਹਾ ਹੈ, ਜਦੋਂ ਬੱਚਾ ਕਾਫੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਮਾਂ ਨੇ ਚਿੰਤਤ ਹੋ ਕੇ ਪਿੰਡ ਵਾਸੀਆਂ ਨੂੰ ਦੱਸਿਆ ਤੇ ਬੱਚੇ ਦੇ ਸ਼ੱਕੀ ਹਾਲਾਤ ‘ਚ ਲਾਪਤਾ ਹੋਣ ਦੀ ਖਬਰ ਪਿੰਡ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਪਿੰਡ ਵਾਸੀਆਂ ਨੇ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ ‘ਤੇ ਯਤਨ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਬੱਚੇ ਦਾ ਸਾਈਕਲ, ਚੱਪਲਾਂ ਨੰਗਲ ਡੈਮ ਨੇੜੇ ਮਿਲੀਆਂ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਬੱਚੇ ਦੀ ਭਾਲ ਲਈ ਵੱਡੇ ਪੱਧਰ ਉਤੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।