ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ , ਜਿਸਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਅੱਜ ਇਸ ਫਿਲਮ ਦਾ ਇੱਕ ਨਵਾਂ ਪੋਸਟਰ ਜਾਰੀ ਕੀਤਾ ਗਿਆ। ਇਸ ਪੋਸਟਰ ਵਿੱਚ ਇਸ ਫਿਲਮ ਦੀ ਸਟਾਰ ਕਾਸਟ ਨੂੰ ਵਿਖਾਇਆ ਗਿਆ ਹੈ, ਅਤੇ ਇਹ ਇੱਕ ਸਿਤਾਰਿਆਂ ਨਾਲ ਭਰਪੂਰ ਫਿਲਮ ਹੈ। ਪੋਸਟਰ ਵਿੱਚ ਸ਼ਕਤੀ, ਹੌਂਸਲਾ, ਗੁੱਸਾ, ਡਰਾਮਾ ਅਤੇ ਬੇਹਿਸਾਬ ਐਕਸ਼ਨ ਦੀ ਝਲਕ ਮਿਲਦੀ ਹੈ। ਇਸ ਪੋਸਟਰ ਦੇ ਜਾਰੀ ਹੋਣ ਨਾਲ ਹੀ ਨਿਰਮਾਤਾਵਾਂ ਨੇ ਟ੍ਰੇਲਰ ਦੀ ਰਿਲੀਜ਼ ਦਾ ਸੰਕੇਤ ਦਿੱਤਾ ਹੈ। ਦਰਸ਼ਕ ਬੱਬੂ ਮਾਨ ਨੂੰ ਸੁੱਚਾ ਸੂਰਮਾ ਦੇ ਰੂਪ ਵਿੱਚ ਦੇਖਣ ਲਈ ਬੇਸਬਰ ਤੇ ਉਤਸੁਕ ਹਨ।
ਸੁੱਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ, ਜੋ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਹੈ। ਸੁੱਚਾ ਸਿੰਘ ਦੇ ਜੀਵਨ ਵਿੱਚ ਇਕ ਐਸੀ ਘਟਨਾ ਵਾਪਰੀ ਜਿਸਨੇ ਉਹਦਾ ਕਿਰਦਾਰ ਹੀ ਬਦਲ ਦਿੱਤਾ, ਅਤੇ ਉਹ ਸੁੱਚਾ ਸੂਰਮਾ ਬਣ ਗਿਆ। ਇਹ ਇੱਕ ਦੇਖਣ ਵਾਲੀ ਕਹਾਣੀ ਹੈ।
ਇਹ ਫਿਲਮ ਸੁੱਚਾ ਸਿੰਘ ਦੇ ਜੀਵਨ ਅਤੇ ਉਸਦੇ ਜੀਵਨ ਵਿੱਚ ਆਉਣ ਵਾਲੀਆਂ ਉਹਨਾਂ ਘਟਨਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੇ ਉਸਨੂੰ ਇੱਕ ਡਾਕੂ ਵਿੱਚ ਬਦਲ ਦਿੱਤਾ। ਸਾਊਂਡ ਅਤੇ ਦ੍ਰਿਸ਼ ਦੇ ਮਾਮਲੇ ਵਿੱਚ ਇਹ ਫਿਲਮ ਵੱਡੇ ਪਰਦੇ ਤੇ ਦੇਖਣ ਵਾਲਾ ਅਨੁਭਵ ਹੈ।
ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਕੋਈ ਹੋਰ ਨਹੀਂ, ਸਗੋਂ ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂ ਮਾਨ ਨਜ਼ਰ ਆਉਣਗੇ। ਹੋਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਸਮੀਖਸ਼ਾ ਓਸਵਾਲ, ਸੁਵਿੰਦਰ ਵਿਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਪ੍ਰੀਤ ਰਟੌਲ ਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ।
ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ। ਪਾਵਰਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇਕ ਇਤਿਹਾਸ ਰਚਣ ਜਾ ਰਹੀਆਂ ਹਨ।
ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ ‘ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।